ਖੰਨਾ ਦੇ ਸੱਤ ਕਾਰੋਬਾਰੀ ਲੋਕ ਗ੍ਰਿਫਤਾਰ
ਚੰਡੀਗੜ੍ਹ, 13 ਮਾਰਚ, – ਪੰਜਾਬ, ਦਿੱਲੀ ਤੇ ਹਰਿਆਣਾ ਸਮੇਤ ਵੱਖ-ਵੱਖ ਰਾਜਾਂ ਵਿੱਚ ਜਾਅਲੀ ਬਿਲਿੰਗ ਦਾ ਨੈੱਟਵਰਕ ਬਣਾਉਣ, ਚਲਾ ਕੇ ਸਰਕਾਰ ਨੂੰ ਟੈਕਸ ਦਿੱਤੇ ਬਿਨਾਂ ਵੱਖ-ਵੱਖ ਫਰਮਾਂ ਲਈ 122 ਕਰੋੜ ਰੁਪਏ ਤੋਂ ਵੱਧ ਦੀ ਆਈ ਟੀ ਸੀ ਪਾਸ ਕਰ ਕੇ ਪੈਸਾ ਕਮਾਉਣ ਵਾਲੇ 5 ਲੋਕਾਂ ਨੂੰ ਪੰਜਾਬ ਸਟੇਟ ਜੀ ਐੱਸ ਟੀ ਦੇ ਇਨਵੈਸਟੀਗੇਸ਼ਨ ਵਿੰਗ ਦੇ ਅਫਸਰਾਂ ਨੇ ਅੱਜ ਗ੍ਰਿਫਤਾਰ ਕੀਤਾ ਤੇ ਜੇਲ੍ਹ ਭੇਜ ਦਿੱਤਾ ਗਿਆ ਹੈ। ਇਨ੍ਹਾਂ 7 ਜਣਿਆਂ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਸਟੇਟ ਟੈਕਸ ਕਮਿਸ਼ਨਰ ਨੀਲਕੰਠ ਐਸ. ਅਵਧ (ਆਈ ਏ ਐਸ) ਨੇਦਿੱਤਾ ਸੀ।
ਮਿਲੀ ਜਾਣਕਾਰੀ ਅਨੁਸਾਰ ਤਾਂਬੇ ਦਾ ਸਕਰੈਪ ਅਤੇ ਹੌਜ਼ਰੀ ਦੀਆਂ ਵਸਤਾਂ ਦੇ ਕੰਮ ਵਿੱਚ ਪੰਜਾਬ ਅਤੇ ਇਸ ਤੋਂ ਬਾਹਰ ਫਰਮਾਂ ਬਣਉਣ ਤੇ ਇਸ ਨੂੰ ਪੰਜਾਬ ਵਿੱਚ ਵੱਖ-ਵੱਖ ਲਾਭਪਾਤਰੀ ਫਰਮ ਨੂੰ ਦੇਣ ਦੀ ਕਾਰਵਾਈਆਂ ਵਿੱਚ ਸ਼ਾਮਲ ਦੋਸ਼ੀਆਂ ਦੇ ਘਰਾਂ ਅਤੇ ਖੰਨਾ ਸ਼ਹਿਰ ਦੀਆਂ ਕਈ ਥਾਵਾਂ ਉੱਤੇ ਤਲਾਸ਼ੀ ਅਤੇ ਬਰਾਮਦਗੀ ਦੀ ਕਾਰਵਾਈ ਕੀਤੀ ਗਈ ਹੈ।ਇਹ ਕਾਰਵਾਈ ਇਸ ਵਿਭਾਗ ਦੀਆਂ ਟੀਮਾਂ ਨੇ ਸਬੂਤ ਇਕੱਠੇ ਕਰਨ ਲਈ ਕੀਤੀ ਹੈ।ਜਾਅਲੀ ਫਰਮਾਂ ਵੱਲੋਂ ਇਹੋ ਜਿਹੇ ਆਈ ਟੀ ਸੀ ਦੀ ਵਰਤੋਂ ਵੱਖ-ਵੱਖ ਵਪਾਰੀਆਂ ਦੇ ਮਾਲ ਦੀ ਗੈਰ-ਕਾਨੂੰਨੀ ਸਥਾਨਕ ਆਵਾਜਾਈ ਕਰਵਾਉਣ ਲਈ ਕੀਤੀ ਜਾਂਦੀ ਸੀ। ਪਿਛਲੇ ਸਾਲ ਇਸ ਵਿਭਾਗ ਦੇ ਮੋਬਾਈਲ ਵਿੰਗ ਜਲੰਧਰ ਤੋਂ ਤਾਂਬੇ ਦਾ ਸਕ੍ਰੈਪ ਲਿਜਾ ਰਹੇ ਵਾਹਨ ਨੂੰ ਫੜਿਆ ਤਾਂ ਵਿਭਾਗ ਨੂੰ ਇਸ ਨੈੱਟਵਰਕ ਦਾ ਪਤਾ ਲੱਗਾ ਅਤੇ ਜਾਂਚ ਵਿੱਚ ਭੇਦ ਖੁੱਲ੍ਹਾ ਕਿ ਇਹ ਮਾਲ ਸਥਾਨਕ ਤੌਰ ਉੱਤੇ ਖਰੀਦ ਕੀਤਾ ਗਿਆ ਸੀ, ਪਰ ਈ-ਵੇਅ ਅਤੇ ਇਨਵਾਇਸ ਕਿਸੇ ਹੋਰ ਫਰਮ ਦੇ ਬਣਾਏ ਸਨ। ਅਗਲੀ ਜਾਂਚ ਤੋਂ ਪਤਾ ਲੱਗਾ ਕਿ ਕਈ ਰਾਜਾਂ ਵਿਚਲਾ ਇਹ 44 ਫਰਮਾਂ ਦਾ ਨੈਟਵਰਕ ਸਥਾਨਕ ਗੈਰ-ਰਜਿਸਟਰਡ ਡੀਲਰਾਂ ਵੱਲੋਂ ਕੀਤੀ ਖਰੀਦ ਤੋਂ ਬਣੇ ਟੈਕਸ ਦੇ ਨਿਬੇੜੇ ਲਈ ਜਾਅਲੀ ਆਈ ਟੀ ਸੀ ਬਣਾਉਣ ਵਾਸਤੇ ਵਰਤਿਆ ਜਾਂਦਾ ਸੀ।
ਜਦੋਂ ਸਬੂਤ ਮਿਲ ਗਏ ਤਾਂ ਮੁੱਖ ਦੋਸ਼ੀ ਨੇ ਮੰਨਿਆ ਕਿ ਉਹ ਕੁਝ ਹੋਰ ਸਾਥੀਆਂ ਦੀ ਮਦਦ ਨਾਲ ਨੈਟਵਰਕ ਚਲਾ ਰਿਹਾ ਸੀ, ਜਿਨਾਂ ਵਿਚੋਂ ਕੁਝ ਨੂੰ ਗ੍ਰਿਫਤਾਰ ਕਰ ਲਿਆ ਹੈ। ਤਲਾਸ਼ੀ ਦੌਰਾਨ ਵੱਖ-ਵੱਖ ਫਰਮਾਂ ਦੇ ਦਸਤਾਵੇਜ਼ ਤੇ ਤਿਆਰ ਕੀਤੇ ਹੋਏ ਜਾਅਲੀ ਇਨਵਾਇਸ ਅਤੇ ਈ-ਵੇਅ ਸ਼ੇਅਰ ਕਰਨ ਲਈ ਵਰਤੇ ਜਾ ਰਹੇ ਮੋਬਾਈਲ ਫੋਨ ਵੀ ਫੜੇ ਗਏ ਹਨ। ਇਸ ਨੈਟਵਰਕ ਤੋਂ ਕੁੱਲ ਜਾਅਲੀ ਬਿਲਿੰਗ 700 ਕਰੋੜ ਤੋਂ ਵੱਧ ਹੋਈ ਹੋਣ ਦੀ ਸ਼ੱਕ ਹੈ ਅਤੇਫੜੀ ਗਈ ਆਈਟੀ ਸੀ ਅਤੇ ਟੈਕਸ ਚੋਰੀ 122 ਕਰੋੜ ਤੋਂ ਵੱਧ ਬਣੀ ਹੈ। ਇਸ ਬਾਰੇ ਪਟਿਆਲਾ ਦੇ ਜਾਇੰਟ ਡਾਇਰੈਕਟਰ (ਇਨਵੈਸਟੀਗੇਸ਼ਨ) ਦੀ ਨਿਗਰਾਨੀ ਹੇਠ ਸਹਾਇਕ ਕਮਿਸ਼ਨਰ ਮੋਬਾਈਲ ਵਿੰਗ ਦੀ ਟੀਮ ਨੇ ਜੀ ਐੱਸ ਟੀ ਐਕਟ ਦੀ ਉਲੰਘਣਾ ਲਈ ਸੱਤ ਦੋਸ਼ੀਆਂ ਵਿਚੋਂ ਪੰਜਾਂ ਨੂੰ ਗ੍ਰਿਫ਼ਤਾਰ ਕਰ ਕੇ ਡਿਊਟੀ ਮੈਜਿਸਟਰੇਟ ਅੱਗੇ ਪੇਸ਼ ਕੀਤਾ ਤਾਂ ਉਨ੍ਹਾਂ ਨੂੰ 14 ਦਿਨਾਂ ਦੀ ਜੁਡੀਸ਼ਲ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਗ੍ਰਿਫਤਾਰ ਕੀਤੇ ਸਾਰੇ ਲੋਕ ਲੁਧਿਆਣਾ ਜ਼ਿਲਾ ਦੇ ਖੰਨਾ ਨਾਲ ਸਬੰਧਤ ਹਨ।