ਜਲੰਧਰ, 24 ਮਾਰਚ – ਆਈਲੈਟਸ ਵਾਲੀ ਕੁੜੀ ਨਾਲ ਵਿਆਹ ਕਰਵਾ ਕੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਟਰੈਵਲ ਏਜੰਟ ਵੱਲੋਂ 18 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਠੱਗੀ ਦੇ ਸ਼ਿਕਾਰ ਹੋਏ ਰਾਕੇਸ਼ ਕੁਮਾਰ ਪੁੱਤਰ ਜੋਗਿੰਦਰ ਸਿੰਘ ਪਿੰਡ ਸੇਮੀ ਖਜੂਰਲਾ, ਜਲੰਧਰ ਨੇ ਦੱਸਿਆ ਕਿ ਉਸਦੇ ਦੋਸਤ ਬਲਜਿੰਦਰ ਸਿੰਘ ਪਿੰਡ ਵਿਰਕਾਂ ਪੱਤੀ, ਗੁਰਾਇਆ, ਜਲੰਧਰ ਦੇ ਲੜਕੇ ਸੁਖਪ੍ਰੀਤ ਸਿੰਘ ਨੂੰ ਕੈਨੇਡਾ ਭੇਜਣ ਲਈ ਉਸ ਨੇ ਖੁਰਲਾ ਕਿੰਗਰਾ ਦੇ ਟਰੈਵਲ ਏਜੰਟ ਨਾਲ ਸੰਪਰਕ ਕੀਤਾ ਸੀ। ਟਰੈਵਲ ਏਜੰਟ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ 6.5 ਬੈਂਡ ਆਈਲੂਟਸ ਵਾਲੀ ਕੁੜੀ ਨਾਲ ਸੁਖਪ੍ਰੀਤ ਸਿੰਘ ਦਾ ਕਾਨੂੰਨੀ ਵਿਆਹ ਕਰਵਾ ਦੇਵੇਗਾ ਤੇ ਫਿਰ ਲੜਕੀ ਕੈਨੇਡਾ ਵਿੱਚ ਪੜ੍ਹਾਈ ਲਈ ਚਲੀ ਜਾਵੇਗੀ ਤੇ ਬਾਅਦ ਵਿੱਚ ਸੁਖਪ੍ਰੀਤ ਸਿੰਘ ਨੂੰ ਸਪਾਊਸ ਵੀਜ਼ੇ ਉੱਤੇ ਕੈਨੇਡਾ ਸੱਦ ਲਵੇਗੀ। ਇਸ ਦੇ ਬਾਅਦ ਲੜਕੀ ਦੀ ਪੜ੍ਹਾਈ ਤੇ ਵਿਆਹ ਆਦਿ ਦੇ ਖਰਚੇ ਮਿਲਾ ਕੇ ਏਜੰਟ ਨੇ ਉਨ੍ਹਾਂ ਤੋਂ 25 ਲੱਖ ਰੁਪਏ ਮੰਗੇ। ਕਰੀਬ ਛੇ ਦਿਨ ਬਾਅਦ ਏਜੰਟ ਨੇ ਸੁਖਪ੍ਰੀਤ ਦਾ ਪਾਸਪੋਰਟ ਤੇ ਹੋਰ ਦਸਤਾਵੇਜ਼ ਮੰਗ ਲਏ। ਉਨ੍ਹਾਂ ਮੌਕੇ ਉੱਤੇ ਆਈਲੈਟਸ ਵਾਲੀ ਲੜਕੀ ਤੇ ਉਸ ਦੇ ਪਿਤਾ ਨੂੰ ਵੀ ਬੁਲਾ ਲਿਆ। ਦੋਵਾਂ ਧਿਰਾਂ ਦੀ ਗੱਲ ਕਰਵਾਉਣ ਤੇ ਦਸਤਾਵੇਜ਼ ਦਿਖਾਉਣ ਪਿੱਛੋਂ ਏਜੰਟ ਨੇ ਭਰੋਸਾ ਦਿੱਤਾ ਕਿ ਉਹ ਛੇ ਮਹੀਨੇ ਅੰਦਰ ਦੋਵਾਂ ਨੂੰ ਕੈਨੇਡਾ ਭੇਜ ਦੇਵੇਗਾ। ਉਨ੍ਹਾਂ ਏਜੰਟ ਦੇ ਝਾਂਸੇ ਵਿੱਚ ਆ ਕੇ ਤਿੰਨ ਲੱਖ ਰੁਪਏ ਦੇ ਦਿੱਤੇ। 15 ਦਿਨ ਬਾਅਦ ਏਜੰਟ ਨੇ ਦੱਸਿਆ ਕਿ ਕੈਨੇਡਾ ਦੇ ਕਾਲਜ ਤੋਂ ਆਫ਼ਰ ਲੈਟਰ ਆ ਗਈ ਹੈ ਤੇ ਉਸ ਨੇ ਦੋ ਲੱਖ ਰੁਪਏ ਹੋਰ ਮੰਗ ਲਏ। ਉਨ੍ਹਾਂ ਏਜੰਟ ਦੇ ਕਹਿਣ ਉੱਤੇ ਲੜਕੀ ਦੇ ਪਿਤਾ ਦੇ ਬੈਂਕ ਖਾਤੇ ਵਿੱਚ ਸ਼ੋਅ ਮਨੀ ਵਜੋਂ 12 ਲੱਖ 80 ਹਜ਼ਾਰ ਰੁਪਏ ਪੁਆ ਦਿੱਤੇ, ਪਰ ਦੋ ਮਹੀਨੇ ਬੀਤਣ ਤੋਂ ਬਾਅਦ ਏਜੰਟ ਨੇ ਕੋਈ ਵੀਜ਼ਾ ਨਹੀਂ ਲਵਾਇਆ। ਕਰੀਬ ਛੇ ਮਹੀਨੇ ਬਾਅਦ ਉਨ੍ਹਾਂ ਨੂੰ ਏਜੰਟ ਨੇ ਦੱਸਿਆ ਕਿ ਲੜਕੀ ਦੀ ਮੌਤ ਹੋ ਗਈ ਹੈ, ਜਿਸ ਕਰ ਕੇ ਸੁਖਪ੍ਰੀਤ ਸਿੰਘ ਸਪਾਉਸ ਵੀਜ਼ੇ ਉੱਤੇ ਕੈਨੇਡਾ ਨਹੀਂ ਜਾ ਸਕਦਾ। ਉਨ੍ਹਾਂ ਏਜੰਟ ਤੋਂ ਪੈਸਿਆਂ ਦੀ ਵਾਪਸੀ ਦੀ ਮੰਗ ਕੀਤੀ ਤਾਂ ਏਜੰਟ ਨੇ ਉਨ੍ਹਾਂ ਨੂੰ ਚੈਕ ਦੇ ਦਿੱਤਾ, ਜੋ ਬੈਂਕ ਵਿੱਚ ਪਾਸ ਨਹੀਂ ਹੋਇਆ। ਜਦੋਂ ਉਨ੍ਹਾਂ ਏਜੰਟ ਤੋਂ ਆਪਣੇ ਪੈਸਿਆਂ ਦੀ ਮੰਗ ਕੀਤੀ ਤਾਂ ਉਹ ਧਮਕੀਆਂ ਦੇਣ ਲੱਗ ਪਿਆ। ਰਾਕੇਸ਼ ਕੁਮਾਰ ਨੇ ਦੱਸਿਆ ਕਿ ਏਜੰਟ ਨੇ ਉਨ੍ਹਾਂ ਨਾਲ 18 ਲੱਖ ਦੀ ਠੱਗੀ ਮਾਰੀ ਹੈ। ਉਸ ਨੇ ਦੱਸਿਆ ਕਿ ਜਦੋਂ ਉਨ੍ਹਾਂ ਲੜਕੀ ਦੇ ਪਿਤਾ ਨਾਲ ਸੰਪਰਕ ਕੀਤਾ ਤਾਂ ਉਸ ਨੇ ਦੱਸਿਆ ਕਿ ਉਸ ਕੋਲੋਂ ਏਜੰਟ ਨੇ ਪਹਿਲਾਂ ਹੀ ਦੋ ਚੈਕ ਅਡਵਾਂਸ ਵਿੱਚ ਲਏ ਹੋਏ ਸਨ। ਉਨ੍ਹਾਂ ਨੇ ਜਦੋਂ ਉਸਦੇ ਬੈਂਕ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾਏ ਸਨ ਤਾਂ ਏਜੰਟ ਨੇ ਨਾਲ ਹੀ ਉਸ ਦੇ ਖਾਤੇ ਵਿੱਚੋਂ ਪੈਸੇ ਕਢਵਾ ਲਏ ਸਨ। ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਸ ਨੇ ਸਾਰੇ ਪੈਸੇ ਆਪਣੇ ਖਾਤੇ ਵਿੱਚੋਂ ਹੀ ਲੜਕੀ ਦੇ ਪਿਤਾ ਅਤੇ ਏਜੰਟ ਨੂੰ ਦਿੱਤੇ ਸਨ। ਠੱਗੀ ਦਾ ਸ਼ਿਕਾਰ ਹੋਏ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਹ ਕਰੀਬ ਢਾਈ ਸਾਲ ਤੋਂ ਪੁਲਸ ਅਧਿਕਾਰੀਆਂ ਦੇ ਚੱਕਰ ਲਾ ਰਹੇ ਹਨ, ਪਰ ਏਜੰਟ ਖ਼ਿਲਾਫ਼ ਕਾਰਵਾਈ ਨਹੀਂ ਹੋ ਰਹੀ।