ਸੰਸਾਰ ਦੇ ਸਿਆਸਤਦਾਨਾਂ ਤੇ ਕਬਿੱਤ ਛੰਦ ਰਚਨਾਂ - ਇਕ ਸੋਚ
Connect with us [email protected]

ਰਚਨਾਵਾਂ ਨਵੰਬਰ 2020

ਸੰਸਾਰ ਦੇ ਸਿਆਸਤਦਾਨਾਂ ਤੇ ਕਬਿੱਤ ਛੰਦ ਰਚਨਾਂ

Published

on

ik soch poetry

ਕੈਪਟਨ ਰਿਆਸਤੀ, ਜੀ ਬਾਦਲ ਸਿਆਸਤੀ,
ਤੇ ਇਹਨਾਂ ਦੀ ਜੋ ਹਸਤੀ ਏ ਲੋਕ ਸਭ ਜਾਣਦੇ ,
ਸਿੱਧੂ ਦੇ ਜੋ ਛੱਕੇ,ਲੋਕ ਰਹਿਣ ਹੱਕ ਬੱਕੇ ਯਾਰੋ,
ਸ਼ਾਇਰ ਨੇ ਜੋ ਪੱਕੇ ਉਹ ਤਾਂ ਦੁੱਧੋਂ ਪਾਣੀ ਛਾਣਦੇ

ਮਾਨ ਦਾ ਕਰੇਜ,ਦੂਜਾ ਪੈੱਗ ਤੋਂ ਪਰਹੇਜ਼ ਬਾਹਲਾ
ਕੁੱਟਦਾ ਏ ਮੇਜ ਬਾਹਲਾ ਪੁੱਜਕੇ ਹਸਾਉਂਦਾ ਏ,
ਮੁਹੰਮਦ ਸਦੀਕ ,ਥੋੜਾ ਹਿੰਦੀ ਵਿੱਚ ਵੀਕ ਯਾਰੋ ,
ਬੰਦਾ ਉਂਝ ਠੀਕ,ਪਰ ਸੰਸਦ ਚ ਸੌਂਦਾ ਏ,

ਮਾਰਦੇ ਨੇ ਚੋਟ ਯਾਰੋ,ਦਿਲਾਂ ਵਿੱਚ ਖੋਟ ਯਾਰੋ,
ਆਪੇ ਪਾਈ ਵੋਟ, ਕੀ ਜੀ ਕਿਸੇ ਨੂੰ ਉਲ੍ਹਾਮਾਂ ਏ,
ਕੱਢਿਆ ਮੈਂ ਸਿੱਟਾ ਬੜਾ,ਬੋਲਦਾ ਏ ਬਿੱਟਾ ਬੜਾ
ਮਜੀਠੀਏ ਦਾ ਚਿੱਟਾ ਬੜਾ, ਕੁੜਤਾ ਪਜਾਮਾ ਏ,

ਸੁੱਖੇ ਦੇ ਜੀ ਗੱਪ ਅੱਪ ,ਹੱਦਾਂ ਬੰਨ੍ਹੇ ਜਾਂਦੇ ਟੱਪ,
ਲੀਡਰਾਂ ਦੀ ਖੱਪ, ਰਹਿੰਦੀ ਸਾਂਸਦ ਚ ਪੈਂਦੀ ਏ,
ਲਾਇਆ ਇੱਕ ਟੇਵਾ, ਸਭ ਲੁੱਟਦੇ ਨੇ ਮੇਵਾ
ਉਞੰ ਰਾਜ ਨਹੀਂਓਂ ਸੇਵਾ, ਇਹਤਾਂ ਨੰਨ੍ਹੀ ਛਾਂ ਵੀ ਕਹਿੰਦੀ ਏ,

ਗਾਊ ਮਾਂ ਦੀ ਪੱਟੀ,ਜੋਗੀ ਜਾਂਦਾ ਨਿੱਤ ਰੱਟੀ।
ਉਹਨੇ,ਯਾਦਵਾਂ ਦੀ ਫੱਟੀ,ਉੱਥੇ ਰੱਖ ਦਿੱਤੀ ਪੋਚ ਕੇ,
ਰਾਜਾ ਬਾਈ ਵੜਿੰਗ ਕਿੰਗ, ਰੋਜ ਹੀ ਫਸਾਵੇ ਸਿੰਗ,
ਬੋਲਦਾ ਏ ਤਿੰਗ ਤਿੰਗ,ਬੋਲੇ ਨਾ ਜੀ ਸੋਚ ਕੇ

ਮਾਰੇ ਲੀਡਰਾਂ ਨੇ ਡਾਕੇ,ਮੱਲੀ ਬੈਠੇ ਆ ਇਲਾਕੇ
ਇਹ ਪੰਜਾਬੀਆਂ ਦੇ ਕਾਕੇ,ਜੀ ਸਿਆਸਤਾਂ ਦੂਰ ਨੇ,
ਖੂਨ ਦੇ ਪਿਆਸੇ,ਫਿਰਦੇ ਨੇ ਆਸੇ ਪਾਸੇ,
ਯਾਰੋ ਬੈਂਸ ਦੇ ਖੁਲਾਸੇ,ਖਾਸੇ ਹੁੰਦੇ ਮਸ਼ਹੂਰ ਨੇ,

ਮਿਲਦੀ ਨੀ ਚਾਲ,ਜਗਮੀਤ ਵੀ ਕਮਾਲ,
ਇੱਕ ਖੈਹਰਾ ਸੁਖਪਾਲ,ਯਾਰੋ ਮੁੱਢ ਤੋਂ ਹੀ ਬਾਗੀ ਆ,
ਛੋਟੇਪੁਰ ਛਾਇਆ,ਨਵੀਂ ਪਾਰਟੀ ਲਿਆਇਆ,
ਉੱਤੇ ਦੋਸ਼ ਵੱਡਾ ਲਾਇਆ,ਮਾਇਆ ਕਿਸ ਨੇ ਤਿਆਗੀ ਆ,

ਸਨੀ ਭਾਅ ਨੇ ਬਾਜੀ ਮਾਰੀ, ਉੱਥੇ ਕਾਂਗਰਸ ਹਾਰੀ,
ਜਾਖੜ ਦੀ ਦਾਅਵੇਦਾਰੀ,ਮੁੱਖ ਮੰਤਰੀ ਦੇ ਅਹੁਦੇ ਦੀ।
ਬਾਜਵੇ ਦਾ ਗੁੱਸਾ, ਬੈਠਾ ਪਾਰਟੀ ਤੋਂ ਰੁੱਸਾ
ਉਸਤੋਂ ਆਹੁਦਾ ਇੱਕ ਖੁੱਸਾ,ਗੱਲ ਘਾਟੇ ਵਾਲੇ ਸੌਦੇ ਦੀ।

ਇੱਕ ਵੀਡੀਓ ਸਤਾਇਆ,ਯਾਰੋ ਸੁੱਚਾ ਤੇ ਘੁਬਾਇਆ,
ਜੀ ਵਿਵਾਦਾਂ ਵਿੱਚ ਆਇਆ,ਖੌਰੇ ਝੂਠਾ ਸੀ ਕੇ ਸੱਚਾ ਸੀ।
ਸਾਰੇ ਨਾਕੇ ‘ਤੋਂ ਲੰਘਾ’ਦੁੰ, ਮੈਂ ਤਾਂ ਜੁੱਲੀਆਂ ਚੁੱਕਾ’ਦੁੰ,
ਨਾਲੇ ਬਦਲੀ ਕਰਾ’ਦੁੰ, ਚਲੋ ਛੱਡੋ ਜੀ ਓਹ ਬੱਚਾ ਸੀ।

ਕੱਠੇ ਹੋ ਗਏ ਟਕਸਾਲੀ,ਆਗੂ ਜਿੰਨੇ ਵੀ ਅਕਾਲੀ,
ਕਹਿੰਦੇ ਜਿੰਦਗੀ ਏ ਗਾਲੀ,ਸਾਰੀ ਪਾਰਟੀ ਦੇ ਵਾਸਤੇ।
ਹੁਣ ਨਵਿਆਂ ਦੀ ਰੁੱਤ, ਤੁਸੀ ਕੁਰਸੀ ਦੇ ਪੁੱਤ,
ਥੋਡੇ ਲੱਗਣੇ ਨਹੀਂ ਬੁੱਤ,ਗੋਰ ਕਰਿਓ ਜੀ ਦਾਸ ਤੇ।

ਗਈ ਪਾਰਟੀ ਏ ਵੰਡੀ,ਕਦੇ ਪੂਰੀ ਸੀ ਜੀ ਝੰਡੀ ,
ਖੁੱਡੀਆ ਤੇ ਤਲਵੰਡੀ,ਜਗਦੇਵ ਜਦੋਂ ਯਾਰ ਸੀ ।
ਇਹ ਸਿਆਸਤ ਦੀ ਚਾਲ,ਲੈਂਦੀ ਆਪੇ ਮੋਹਰੇ ਭਾਲ,
ਹਰਚੰਦ ਲੌਂਗੋਵਾਲ,ਦਿੱਤਾ ਗੋਲੀਆਂ ਨਾ’ ਮਾਰ ਸੀ।

ਟੌਹੜਾ ਬਰਨਾਲਾ,ਸੰਤ ਭਿੰਡਰਾਂ ਉਹ ਵਾਲਾ,
ਜਦੋਂ ਦੌਰ ਸੀਗਾ ਕਾਲਾ,ਇਹ ਪੰਜਾਬ ਸਾਰਾ ਜਾਣਦਾ,
ਆਪਣਾ ਬਰੈਂਡ ਮੰਗੇ ਸਿੱਖ ਹੋਮਲੈਂਡ
ਉਞੰ ਗੱਲ ਤੇ ਸਟੈਂਡ,ਪੂਰਾ ਸਿਮਰਨਜੀਤ ਮਾਨ ਦਾ।

ਕੇਜਰੀ ਏ ਵਾਲ,ਮਿਲੇ ਜੀਹਨੂੰ ਪੰਜ ਸਾਲ,
ਯਾਰੋ ਕਰਤਾ ਕਮਾਲ,ਹਾਲ ਦਿੱਲੀ ਜਾ ਕੇ ਵੇਖਲੋ,
ਸਿਰੇ ਦੇ ਦੋ ਠੱਗ ਪਿੱਛੇ ਭਗਤਾਂ ਦਾ ਵੱਗ,
ਲਾਈ ਦੇਸ਼ ਵਿੱਚ ਅੱਗ, ਹੁਣ ਆਪ ਤੁਸੀਂ ਸੇਕ ਲੋ,

ਚੌਟਾਲਿਆਂ ਦਾ ਬੋਲਬਾਲਾ,ਦੇਵੀ ਲਾਲ ਸੀ ਚੌਟਾਲਾ,
ਜੇ ਬੀ ਟੀ ਘੋਟਾਲਾ, ਉਹਦੇ ਮੁੰਡੇ ਨੂੰ ਫਸਾ ਗਿਆ।
ਓਮਪ੍ਰਕਾਸ਼ ਹੋਇਆ ਬੁੱਢਾ,ਇੱਕ ਖੱਟਰ ਤੇ ਹੁੱਡਾ, ਯਾਰੋ
ਚਾਬੀ ਵਾਲਾ ਗੁੱਡਾ,ਗੁੱਡੀ ਆਪਣੀ ਚੜਾਅ ਗਿਆ।

ਮੌਲਾਨਾ ਜੀ ਅਜਾਦ,ਯਾਦ ਆਇਆ ਚਿਰਾਂ ਬਾਅਦ,
ਇੱਕ ਲਾਲੂ ਪ੍ਰਸਾਦ, ਚਾਰਾ ਗਾਵਾਂ ਦਾ ਵੀ ਖਾ ਗਿਆ
ਐਨੀ ਸਾਫ ਨਹੀਂ ਸੀ ਪਿੱਚ,ਮਹਾਂਰਾਸ਼ਟਰ ਦੇ ਵਿੱਚ।
ਸ਼ਿਵ ਸੈਨਾ ਗਈ ਖਿੱਚ,ਦੇਖ ਠਾਕਰੇ ਏ ਆ ਗਿਆ।

ਇੱਕ ਵੱਖਰਾ ਸੀ ਸੂਬਾ,ਕਸ਼ਮੀਰ ਵੀ ਅਜੂਬਾ,
ਜਿੱਥੇ ਰਹਿੰਦੀ ਮਹਿਬੂਬਾ,ਯਾਰੋ ਸਯਦਾਂ ਦੀ ਕੁੜੀ ਆ।
ਉਮਰ ਅਬਦੁੱਲਾ,ਹੁਣ ਛੱਡਦੇ ਨਹੀਂ ਖੁੱਲ੍ਹਾ
ਗੱਲ ਆਈ ਉੱਤੇ ਬੁੱਲਾਂ,ਫੇਰ ਮੁੜ ਕੇ ਨਾ ਮੁੜੀ ਆ।

ਇੱਕ ਭੈਣ ਮਾਇਆਵਤੀ,ਦੀਦੀ ਮਮਤਾ ਦੀ ਗਤੀ,
ਨਾ ਵਿਆਹੀਆਂ ਨਾ’ ਹੀ ਪਤੀ,ਸਤੀ ਹੋਈਆਂ ਰਾਜਨੀਤੀ ਚ,
ਇੱਕ ਬੰਦਾ ਏ ਮਹਾਨ, ਜੀ ਅਵੱਲੇ ਜਿਹੇ ਬਿਆਨ,
ਪਿਓ ਨੂੰ ਪਿਤਾ ਦੇ ਸਮਾਨ,ਕਹੀ ਜਾਂਦਾ ਖਾਧੀ ਪੀਤੀ ਚ,

ਵਾਜਾਂ ਮਾਰੀਆਂ ਬੁਲਾਇਆ, ਹੱਥ ਕਈਆਂ ਨਾ’ ਮਿਲਾਇਆ,
ਕੋਈ ਕੰਮ ਨਹੀਂ ਆਇਆ ਇਹ ਤਾਂ ਫੱਕਰਾਂ ਦੀ ਮੌਜ ਆ,
ਪਾਲੋ ਭਗਵੇਂ ਉਏ ਚੋਲੇ,ਸੱਚ ਮੀਡੀਆ ਨਾ ਬੋਲੇ,
ਓਹਲੇ ਰੱਖੇ ਘੱਟ ਤੋਲੇ,ਲਾਈ ਥਾਂ ਥਾਂ ਤੇ ਫੌਜ ਆ।

ਕਵੀ ਅਟਲ ਬਿਹਾਰੀ,ਅਡਵਾਨੀ ਨਾਲ ਯਾਰੀ,
ਬਾਜੀ ਐਟਮ ਮਾਰੀ,ਸਾਰੀ ਗੱਲ ਰੱਖੀ ਓਹਲੇ ਚ,
ਮੋਦੀ ਦੇ ਕਨੂੰਨ, ਖੋਇਆ ਚੈਣ ਤੇ ਸਕੂਨ,
ਯਾਰੋ ਵੱਖਰਾ ਜਨੂੰਨ,ਹੁੰਦਾ ਸੰਘੀਆਂ ਦੇ ਟੋਲੇ ਚ।

ਨਹਿਰੂ ਤੇ ਪਟੇਲ, ਕੱਟੀ ਦੋਹਾਂ ਨੇ ਹੀ ਜੇਲ,
ਇਹ ਸਿਆਸਤ ਦਾ ਖੇਲ,ਨਹੀਓਂ ਬੱਚਿਆਂ ਨਦਾਨਾਂ ਦਾ
ਕੀਹਨੇ ਮਾਰਿਆ ਸ਼ੁਭਾਸ਼,ਨਾ ਹੀ ਮਿਲੀ ਉਹਦੀ ਲਾਸ਼,
ਕਹਿੰਦੇ ਹੋ ਗਿਆ ਵਿਨਾਸ਼,’ਕਾਸ਼ ਚ ਵਿਮਾਨਾਂ ਦਾ।

‘ਮਰੀਕਾ ਲਈ ਓਸਾਮਾ, ਜਿਵੇਂ ਚੀਨ ਲਈ ਏ ਲਾਮਾ,
ਅਪਰਾਧ ਦਾ ਪਿਤਾਮਾ,ਜਿਵੇ ਇੰਡੀਆ ਨੂੰ ਦਾਊਦ ਹੈ।
ਪਰਵੇਜ ਨੂੰ ਜੀ ਕੇਸ ਵਿੱਚ, ਫਾਂਸੀ ਹੋਈ ਦੇਸ਼ ਵਿੱਚ,
ਬੈਠਾ ਵਿਦੇਸ਼ ਵਿੱਚ, ਮਾਲੀਆ ਦੀ ਮੌਜ ਹੈ।

ਸ਼ੀ ਜਿਨਪਿੰਗ ਯਾਰੋ, ਚੀਨ ਦਾ ਏ ਕਿੰਗ ਯਾਰੋ।
ਇੱਕ ਕੋਰੀਆ ਦਾ ਕਿਮ, ਦੇਸ਼ ਮਾਰਦਾ ਏ ਚੀਕਾਂ ਜੀ।
ਬਰਾਕ ਓਬਾਮਾ ਜੀਹਨੇ,ਮਾਰਿਆ ਓਸਾਮਾ,
ਉੰਝ ਬੰਦਾ ਪੂਰਾ ਕਾਮਾ, ਰਹਿੰਦਾ ਵਿੱਚ ਅਮਰੀਕਾ ਜੀ।

ਡੋਨਾਲਡ ਟ੍ਰੰਪ, ਦੇਖੋ ਮਾਰਦਾ ਏ ਜੰਪ,
ਜੀ ਮਿਸਾਇਲ ਕਰੇ ਡੰਪ,ਉਹਨੇ ਸੁਲੇਮਾਨੀ ਮਾਰਿਆ,
ਆੱਗੋਂ ਅਯਤੁੱਲਾ ਕਹਿੰਦਾ, ਹੁਣ ਚੁੱਪ ਨਹੀਂਓਂ ਬਹਿੰਦਾ,
ਦੇਸ਼ ਨਾ ਜੁਲਮ ਸਹਿੰਦਾ, ਨਹੀਂ ਇਰਾਨ ਹਜੇ ਹਾਰਿਆ ।

ਗੱਲ ਰਸ਼ੀਆ ਤੋਂ ਤੁਰੀ, ਫੇਰ ਚੀਨ ਵੱਲ ਮੁੜੀ,
ਇਹੇ ਸਾਥੀਆਂ ਦੀ ਪੁੜੀ, ਜਦੋਂ ਖੁੱਲ੍ਹੀ ਉਦੋਂ ਵੇਖਾਂਗੇ।
ਛੱਡੋ ਲੋਕਤੰਤਰ ,ਇਹ ਮਾ’ਕਸ ਦਾ ਮੰਤਰ ,
ਮਹਿਲਾਂ ਨੂੰ ਬਸੰਤਰ,ਲਾ ਫੇਰ ਆਪਾਂ ਸੇਕਾਂਗੇ ।

ਸਭ ਛੱਡ ਗਏ ਸੀ ਪੱਲਾ,ਰੂਸ ਰਹਿ ਗਿਆ ਇਕੱਲਾ,
ਜੀ ਸਟਾਲਿਨ ਉਹ ਝੱਲਾ,ਕਹਿੰਦਾ ਸਾਰਿਆਂ ਨੂੰ ਵੇਖ ਲੂੰ,
ਪੂਰਾ ਲੈਂਦਾ ਏ ਆਨੰਦ,ਰਾਜੇ ਦਾ ਜੋ ਫਰਜੰਦ,
ਬੜੀ ਸ਼ਾਇਰੀ ਏ ਪਸੰਦ,ਜੀ ਦੁਬਈ ਵਾਲੇ ਸ਼ੇਖ ਨੂੰ।

ਯੋਗਦਾਨ ਬਾਪ ਮਾਂ ਦਾ,ਦਾਦੇ ਇਕੱਤਰ ਸਿਹਾਂ ਦਾ,
ਦੱਸ ਗਿਆ ਜਾਂਦਾ ਜਾਂਦਾ,ਬਾਪੂ ਰਾਜ ਵੱਡੇ-ਵੱਡੇ ਆ,
ਰੱਬ ਨੇ ਜੇ ਚਾਹਿਆ ਫੇਰ, ਆਪਾਂ ਮਿਲਾਂਗੇ ਦੁਬੇਰ,
ਉੰਝ ਪਹਿਲਾਂ ਵੀ ਕਈ ਸ਼ੇਅਰ,ਮੈਂ ਤਾਂ ਲਿਖ-ਲਿਖ ਛੱਡੇ ਆ।

ਜੋੜਦਾ ਕਬਿੱਤ ਬੈਠਾ ਔਲਖਾਂ ਦੇ ਵਿੱਚ ਜੀ
ਵਰਿੰਦਰ ਦਾ ਚਿੱਤ ਜਿੱਤ ਛੇਤੀ ਹੁਣ ਲੋਚਦਾ,
ਧਰਮਾਂ ਦੇ ਕੇਸ ਦਾ ਤੇ ਨਿੱਤ ਦੇ ਕਲੇਸ਼ ਦਾ
ਬਣੁ ਕੀ ਮੇਰੇ ਦੇਸ਼ ਦਾ ਮੈਂ ਇਹੀ ਰਹਿੰਦਾ ਸੋਚਦਾ।

-ਵਰਿੰਦਰ ਔਲਖ

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਨਵੰਬਰ 2020

ਫੈਲੀ ਹੋਈ ਬਿਮਾਰੀ ਤੇ ਬੇਰੋਜ਼ਗਾਰੀ

Published

on

punjabi article

ਅੱਜ ਦਾ ਯੁੱਗ ਵਿਗਿਆਨ ਦਾ ਹੋਣ ਦੇ ਬਾਵਜੂਦ ਭਾਰਤ ਵੀ ਕਰੋਨਾ ਤੇ ਬੇਰੋਜ਼ਗਾਰੀ ਦੀ ਲਪੇਟ ਚ ਆਇਆ। ਜਿਸ ਦਾ ਇਲਾਜ ਲਾਇਲਾਜ ਹੋ ਗਿਆ।ਹਰ ਕੋਈ ਆਮ ਆਦਮੀ ਕੰਮ ਦੀ ਭਾਲ ਕਰ ਰਿਹਾ ਹੈ। ਦੇਸ਼ ਦਾ ਅੰਨਦਾਤਾ ਸੜਕਾਂ ਤੇ ਮੁਜ਼ਾਹਰੇ ਕਰ ਰਿਹਾ ਹੈ। ਲੋਕ ਮਹਿੰਗਾਈ ਦੀ ਮਾਰ ਖਾ ਰਹੇ ਹਨ। ਹਰ ਆਪਣੇ ਹੱਕਾਂ ਅਲੱਗ ਲੜ ਰਹੇ ਹਨ।ਇਹ ਰੱਬਾ ਮਿਹਰ ਕਰ ਭਾਰਤ ਨੂੰ ਫਿਰ ਤੋਂ ਸੋਨੇ ਦੀ ਚਿੜੀ ਬਣਾ ਦੇ।

-ਇੰਦਰ ਮੋਹਣ ਕੌਰ

Continue Reading

ਰਚਨਾਵਾਂ ਨਵੰਬਰ 2020

ਕਿਸਾਨ ਅੰਦੋਲਨ (ਕ੍ਰਾਂਤੀਕਾਰੀ ਛੱਲਾ)

Published

on

punjabi poetry

ਛੱਲਾ ਸੜਕਾਂ ਤੇ ਰੁਲਦਾ,
ਛੱਲਾ ਸੜਕਾਂ ਤੇ ਰੁਲਦਾ,
………….
ਭੇਤ ਹੁਣ ਜਾਂਦਾ ਖੁੱਲਦਾ,
ਇੱਕ ਫਸਲਾਂ ਦੇ ਮੁੱਲ ਦਾ,
ਓਏ ਗੱਲ ਸੁਣ ਛੱਲਿਆ ਦਾਣੇ,
ਕੋਈ ਨਾ ਤੇਰੀ ਪੀੜ ਪਛਾਣੇ।

ਛੱਲਾ ਧਰਨੇ ਲਾਉਂਦਾ
ਛੱਲਾ ਧਰਨੇ ਲਾਉਂਦਾ,
………..
ਵਖ਼ਤ ਸਰਕਾਰਾਂ ਨੂੰ ਪਾਉਂਦਾ,
ਆਪਣੀ ਹੋਂਦ ਬਚਾਉਂਦਾ,
ਓਏ ਗੱਲ ਸੁਣ ਛੱਲਿਆ ਗਹਿਣਾਂ,
ਪੱਲੇ ਕੱਖ ਨਹੀ ਰਹਿਣਾ।

ਛੱਲਾ ਹੋਇਆ ਬਾਗੀ,
ਛੱਲਾ ਹੋਇਆ ਬਾਗੀ,
…………
ਲੀਡਰ ਸਾਰੇ ਹੀ ਦਾਗ਼ੀ,
ਕੌਮ ਹੁਣ ਮੁੜਕੇ ਜਾਗੀ,
ਓਏ ਗੱਲ ਸੁਣ ਛੱਲਿਆ ਮਰਗੇ,
ਧੋਖਾ ਆਪਣੇ ਹੀ ਕਰਗੇ।

ਛੱਲਾ ਅੱਸੀਆਂ ਦਾ ਹੋ ਕੇ,
ਛੱਲਾ ਅੱਸੀਆਂ ਦਾ ਹੋ ਕੇ,
…………..
ਬਈ ਜਾ ਕੇ ਰੇਲਾਂ ਰੋਕੇ,
ਫੇਰ ਨਾ ਮਿਲਣੇਂ ਮੋਕੇ,
ਓਏ ਗੱਲ ਸੁਣ ਛੱਲਿਆ ਪਾਵੇ
ਖੂਨ ਚੋਂ ਗ਼ੈਰਤ ਨਾ ਜਾਵੇ।

ਛੱਲਾ ਹੱਕਾਂ ਲਈ ਲੜਦਾ,
ਛੱਲਾ ਹੱਕਾਂ ਲਈ ਲੜਦਾ,
…………..
ਹੱਥਾਂ ਵਿੱਚ ਝੰਡੇ ਫੜਦਾ,
ਮੂਹਰੇ ਤੋਪਾਂ ਦੇ ਅੜਦਾ,
ਓਏ ਗੱਲ ਸੁਣ ਛੱਲਿਆ ਤਾਰੇ,
ਬਣ ਗਏ ਦੁਸ਼ਮਣ ਨੇ ਸਾਰੇ।

ਛੱਲਾ ਨਹਿਰਾਂ ਦਾ ਪਾਣੀ,
ਛੱਲਾ ਨਹਿਰਾਂ ਦਾ ਪਾਣੀ,
…………..
ਕਿਸੇ ਨਾ ਪੀੜ ਪਛਾਣੀ,
ਹੋ ਜੇ ਨਾਂ ਖ਼ਤਮ ਕਹਾਣੀ,
ਓਏ ਗੱਲ ਸੁਣ ਛੱਲਿਆ ਮਾਨਾਂ,
ਵਾਰਨੀਆ ਪੈਣੀਆਂ ਨੇ ਜਾਂਨਾ।।

-ਜਸਵੀਰ ਮਾਨ

Continue Reading

ਰਚਨਾਵਾਂ ਨਵੰਬਰ 2020

ਅਹਿਮ ਸਵਾਲ

Published

on

punjabi sahit muqabla 2020

ਇਹ ਕੈਸੀ ਅਗਨ ਪਈ ਹੈ ਇਸ ਸ਼ਹਿਰ ਨੂੰ ? ਸੜ ਰਹੀਆਂ ਨੇ ਸਭ ਕਿਤਾਬਾਂ, ਰਾਖ਼ ਹੋ ਰਹੇ ਨੇ ਸਾਰੇ ਫਲਸਫ਼ੇ, ਕਬਰਾਂ ਚੋਂ ਕੱਢ ਕੱਢ ਕੇ ਦੁਬਾਰਾ ਫੂਕੇ ਜਾ ਰਹੇ ਨੇ ‘ਕਲਮਾਂ ਦਾ ਜਾਦੂਗਰ’ , ਭੱਠੀਆਂ ਵਿੱਚ ਮੱਚ ਰਹੇ ਨੇ ਟੁੱਟੀਆਂ ਕਲਮਾਂ ਦੇ ਭੱਥੇ ,ਇਤਿਹਾਸ ਦੇ ਮਹਾਨ ਪਾਤਰ ਤਾਂ ਪਹਿਲਾਂ ਪਹਿਲ ਹੀ ਧੂੰਏਂ ਦੇ ਵਵੰਡਰਾਂ ਚ’ ਖੋ ਗਏ,
ਕੀ ਕਿਸੇ ਕਿਤਾਬ ਦਾ ਕੋਈ ਸਫ਼ਾ ਬਚ ਪਾਏਗਾ? ਇਨ੍ਹਾਂ ‘ਸਿਰਫਿਰੀਆਂ’ ਅੱਗ ਦੀਆਂ ਲਪਟਾਂ ਕੋਲੋਂ, ਅੱਜ ਦਾ ਅਹਿਮ ਸਵਾਲ ਤਾਂ ਇਹੋ ਹੈ ।

ਬਿਨਾਂ ਕਿਸੇ ਸ਼ੋਰ ਸ਼ਰਾਬੇ ਦੇ ਇਹ ਸਭ ਕੁਝ ਹੋ ਰਿਹਾ ਹੈ, ਇਸ ਅਦਿੱਖ ਅੱਗ ਦਾ ਸੇਕ ਇਸ ਸ਼ਹਿਰ ਦੇ ਜਿਉਂਦੇ ਪੁਤਲਿਆਂ ਨੂੰ ਕਿਉਂ ਨੀ ਮਹਿਸੂਸ ਹੁੰਦਾ ? ਭਿਅੰਕਰ ਲਪਟਾਂ ਨੂੰ ਇਸ ਨਗਰੀ ਵੱਲ ਆਉਂਦਿਆਂ ਦੇਖ ਪੰਛੀ ਤਾਂ ਕਦੋਂ ਦੇ ਆਪਣੇ ਆਲ੍ਹਣੇ ਛੱਡ ਕੇ ਚਲੇ ਗਏ ਕਿਉਂਕਿ ਉਹ ਜਾਣਦੇ ਸਨ ਕਿ ਇਹ ਬੇਰਹਿਮ ਅਗਨ-ਆਂਧੀ ਹਰੇ ਭਰੇ ਖਜ਼ਾਨੇ ਵੀ ਸਾੜ ਸੁੱਟੇਗੀ , ਹੋਰ ਕੀ ਕਾਰਨ ਰਿਹਾ ਹੋਵੇਗਾ?

ਪਵਿੱਤਰ ਗ੍ਰੰਥਾਂ ਨੂੰ ਤਾਂ ਅਸੀਂ ਬੰਦ ਕਰਕੇ ਕਦੋਂ ਦੇ ਮੱਥੇ ਟੇਕ ਦਿੱਤੇ ਹਨ , ” ਦੇਖੇਓ, ਜੇ ਇਹਨਾਂ ਨੂੰ ਛੂਹਿਆ ਤਾਂ ਇਹ ਅਪਵਿੱਤਰ ਹੋ ਜਾਣਗੇ ” !
ਪਤਾ ਨਹੀਂ ਕਿਹੜੇ ਸ਼ੈਤਾਨਾਂ ਨੇ ਸਾਡੇ ਖਾਲੀ ਜਹਿਨਾ ਅੰਦਰ ਇਹ ਗੱਲ ਵਾੜ ਦਿੱਤੀ ? ਉਹ ਗ੍ਰੰਥ ਤਾਂ ਉਦੋਂ ਦੇ ਹੀ ਧੁਖ਼ ਰਹੇ ਹਨ, ਕਾਸ਼ ਕਿਤੇ ਜੇ ਮਹਾਨ ਪਾਕ ਪਵਿੱਤਰ ਗ੍ਰੰਥਾਂ ਨੂੰ ਇਸ ਖਿੱਤੇ ਦੇ ਲੋਕਾਂ ਨੇ ਪੜ ਕੇ ਵਿਚਾਰਿਆ ਹੁੰਦਾ ਤਾਂ ਹਾਲਤ ਤਰਸਯੋਗ ਨਾ ਹੁੰਦੀ, ਹੁਣ ਪਤਾ ਨਹੀਂ ਕੀ ਹਸ਼ਰ ਹੋਵੇਗਾ ਇਸ ਸ਼ਹਿਰ ਦਾ ?

ਇੱਕ ਗੱਲ ਤਾਂ ਤੈਅ ਹੈ ਕਿ ਇਕੱਲੇ ਅੱਗ ਲਾਉਣ ਵਾਲਿਆਂ ਦੀ ਹੀ ਰੂਹ ਸੜੀ ਬਲੀ ਨਹੀਂ ਹੈ, ਇੱਥੇ ਤਾਂ ਜਿਉਂਦੇ ਰਹਿਣ ਦੀ ਪਹਿਲੀ ਸ਼ਰਤ ਹੀ “ਆਪਣੀ ਆਤਮਾ ਦੀ ਖ਼ੁਦ ਬਲੀ ਦੇਣੀ ਹੈ” । ਤਾਂਹੀ ਇਸ ਸ਼ਹਿਰ ਚੋਂ ਇੰਨੀ ਸੜਾਦ ਬਦਬੂ ਆਉਂਦੀ ਹੈ , ਇਸੇ ਕਰਕੇ ਸਭ ਇੱਕੋ ਜਿਹੇ ਲੱਗਦੇ ਨੇ “ਬੇ-ਰੂਹੇ” , ਕਿਉਂਕਿ ਜ਼ਮੀਰਾਂ ਵਾਲਿਆਂ, ਰੂਹਾਂ ਵਾਲਿਆਂ ਨੂੰ ਸੂਲੀ ਇਸ ਨਗਰੀ ਦੇ ਸੰਵਿਧਾਨ ਵਿੱਚ ਵਿਸ਼ੇਸ਼ ਤੌਰ ਤੇ ਅੰਕਿਤ ਹੈ, ਤੇ ਪੁਰਾਣਾ ਦਸਤੂਰ ਵੀ ਹੈ ।
ਹਾਲ ਦੀ ਘੜੀ ਜਾਂ ਭਵਿੱਖ ਵਿੱਚ, ਕੀ ਇਸ ਸ਼ਹਿਰ ਦੇ ਕਿਸੇ ਬਸ਼ਿੰਦੇ ਦੀ ਜ਼ਮੀਰ ਜਾਗ ਸਕੇਗੀ?
ਅੱਜ ਦਾ ਅਹਿਮ ਸਵਾਲ ਤਾਂ ਇਹੋ ਹੈ ।

-ਗੁਰਪ੍ਰੀਤ ਸਿੰਘ

Continue Reading

ਰੁਝਾਨ