ਜਾਅਲੀ ਕਰੰਸੀ ਛਾਪਣ ਵਾਲੇ ਚਾਰ ਜਣੇ ਕਾਬੂ, 5,93,600 ਰੁਪਏ ਦੇ ਨਕਲੀ ਨੋਟ ਮਿਲੇ - ਇਕ ਸੋਚ
Connect with us [email protected]

ਅਪਰਾਧ

ਜਾਅਲੀ ਕਰੰਸੀ ਛਾਪਣ ਵਾਲੇ ਚਾਰ ਜਣੇ ਕਾਬੂ, 5,93,600 ਰੁਪਏ ਦੇ ਨਕਲੀ ਨੋਟ ਮਿਲੇ

Published

on

ਹੁਸ਼ਿਆਰਪੁਰ, 20 ਅਗਸਤ – ਜ਼ਿਲ੍ਹਾ ਪੁਲਸ ਮੁਖੀ ਨਵਜੋਤ ਸਿੰਘ ਮਾਹਲ ਦੇ ਦੱਸਣ ਮੁਤਾਬਕ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਹੇਠ ਕੱਲ੍ਹ ਪੁਲਸ ਨੇ ਜਾਅਲੀ ਭਾਰਤੀ ਕਰੰਸੀ ਛਾਪਣ ਵਾਲੇ ਚਾਰ ਮੁਲਜ਼ਮਾਂ ਨੂੰ ਕਾਬੂ ਕਰ ਕੇ ਉਨ੍ਹਾਂ ਤੋਂ 5,93,600 ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਹਨ।
ਇਸ ਬਾਰੇ ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਇਹ ਦੋਸ਼ੀ ਅੱਜ ਤੱਕ ਕਰੀਬ 15 ਲੱਖ ਰੁਪਏ ਦੀ ਜਾਅਲੀ ਕਰੰਸੀ ਛਾਪ ਕੇ ਮਾਰਕੀਟ ਵਿੱਚ ਚਲਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਦੀ ਪਛਾਣ ਅਮਰਿੰਦਰ ਸਿੰਘ ਸੂਰਜ ਵਾਸੀ ਸੈਂਟਰਲ ਟਾਊਨ ਥਾਣਾ ਸਿਟੀ ਹੁਸ਼ਿਆਰਪੁਰ, ਹਰਜਿੰਦਰ ਭਾਰਤੀ ਵਾਸੀ ਖਾਨਪੁਰ ਤਹਿਸੀਲ ਤੇ ਜ਼ਿਲ੍ਹਾ ਊਨਾ ਹਾਲ ਵਾਸੀ ਬਜਵਾੜਾ ਕਲਾਂ, ਗੁਰਸਿਮਰਜੀਤ ਸਿੰਘ ਵਾਸੀ ਫਾਂਬੜਾ ਥਾਣਾ ਹਰਿਆਣਾ ਅਤੇ ਜਗਤਾਰ ਸਿੰਘ ਵਾਸੀ ਕਿਲਾ ਬਰੂਨ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਗੈਰ-ਕਾਨੂੰਨੀ ਕੰਮ ਦੀ ਸੂਹ ਮਿਲਣ ਉਤੇ ਐਸ ਪੀ ਇਨਵੈਸਟੀਗੇਸ਼ਨ ਰਵਿੰਦਰ ਪਾਲ ਸਿੰਘ ਸੰਧੂ, ਡੀ ਐਸ ਪੀ ਸਿਟੀ ਜਗਦੀਸ਼ ਰਾਜ ਦੀ ਅਗਵਾਈ ਵਿੱਚ ਪੁਲਸ ਪਾਰਟੀ ਨੇ ਦੋਸ਼ੀਆਂ ਨੂੰ ਟੈਗੋਰ ਪਾਰਕ ਦੇ ਸਾਹਮਣੇ ਚੋਅ ਵਾਲੇ ਪਾਸੇ ਤੋਂ ਫੜਿਆ ਅਤੇ ਉਨ੍ਹਾਂ ਖ਼ਿਲਾਫ਼ ਥਾਣਾ ਸਿਟੀ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਹਰਜਿੰਦਰ ਭਾਰਤੀ ਖੁਦ ਨੂੰ ਇੱਕ ਚੈਨਲ ਦਾ ਰਿਪੋਰਟਰ ਦੱਸਦਾ ਸੀ, ਜੋ ਪ੍ਰੈਸ ਰਿਪੋਰਟਰ ਦੀ ਆੜ ਵਿੱਚ ਨਕਲੀ ਕਰੰਸੀ ਛਾਪਣ ਵਾਲੇ ਗ਼ੈਰ-ਕਾਨੂੰਨੀ ਕੰਮ ਵਿੱਚ ਸ਼ਾਮਲ ਹੋ ਕੇ ਜਾਅਲੀ ਕਰੰਸੀ ਛਾਪਦਾ ਅਤੇ ਚਲਾਉਂਦਾ ਸੀ। ਉਨ੍ਹਾਂ ਦੱਸਿਆ ਕਿ ਅਮਰਿੰਦਰ ਸਿੰਘ (31) ਦੀ ਗਰੀਨ ਵਿਊ ਪਾਰਕ ਨੇੜੇ ਸੈਸ਼ਨ ਚੌਕ ‘ਚ ਹੈਲਥ ਪ੍ਰੋਡਕਟਸ ਦੀ ਦੁਕਾਨ ਸੀ ਤੇ ਦੁਕਾਨ ਨਾ ਚੱਲਣ ਕਰਕੇ ਉਸ ‘ਤੇ 20 ਲੱਖ ਰੁਪਏ ਦਾ ਕਰਜ਼ਾ ਸੀ, ਜਿਸ ਨੇ ਕਰਜ਼ਾ ਮੁਕਾਉਣ ਅਤੇ ਪੈਸਾ ਕਮਾਉਣ ਲਈ ਤਿੰਨਾਂ ਨੂੰ ਆਪਣੇ ਨਾਲ ਮਿਲਾ ਕੇ ਪ੍ਰਿੰਟਰ ਦੀ ਮਦਦ ਨਾਲ ਜਾਅਲੀ ਕਰੰਸੀ ਛਾਪਣੀ ਸ਼ੁਰੂ ਕਰ ਦਿੱਤੀ ਤੇ ਕਰੀਬ 15 ਲੱਖ ਰੁਪਏ ਦੀ ਕਰੰਸੀ ਮਾਰਕੀਟ ਵਿੱਚ ਚਲਾ ਦਿੱਤੀ। ਇਸੇ ਤਰ੍ਹਾਂ ਗੁਰਸਿਮਰਨਜੀਤ ਸਿੰਘ (28) ਉੱਤੇ ਥਾਣਾ ਹਰਿਆਣਾ ਵਿੱਚ ਕਰੀਬ 500 ਪੇਟੀ ਸ਼ਰਾਬ ਵੇਚਣ ਦਾ ਮੁਕਦਮਾ ਦਰਜ ਹੈ ਅਤੇ ਉਹ ਕਸਬਾ ਹਰਿਆਣਾ-ਭੂੰਗਾ ਵਿਚ ਜਾਅਲੀ ਨੋਟ ਚਲਾ ਰਿਹਾ ਸੀ। ਜਗਤਾਰ ਸਿੰਘ (43) ਸਿਟੀ ਸੈਂਟਰ ਹੁਸ਼ਿਆਰਪੁਰ ਵਿੱਚ ਬਤੌਰ ਸਕਿਓਰਟੀ ਗਾਰਡ ਕੰਮ ਕਰਦਾ ਸੀ ਅਤੇ ਬਜਵਾੜਾ ਵਿਖੇ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਉਸ ‘ਤੇ ਥਾਣਾ ਔੜ, ਸ਼ਹੀਦ ਭਗਤ ਸਿੰਘ ਨਗਰ ਵਿੱਚ ਕੇਸ ਦਰਜ ਹੈ।

Continue Reading
Click to comment

Leave a Reply

Your email address will not be published. Required fields are marked *

ਅਪਰਾਧ

45 ਲੱਖ ਰੁੁਪਏ ਗਾਇਬ ਹੋਣ ‘ਤੇ ਦਿੱਲੀ ਗੁਰਦੁਆਰਾ ਕਮੇਟੀ ਵਿਰੁੱਧ ਮਾਮਲਾ ਦਰਜ

Published

on

Manjinder Singh Sirsa

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਜ਼ਾਨੇ ‘ਚੋਂ ਕਥਿਤ ਤੌਰ ‘ਤੇ 45 ਲੱਖ ਰੁਪਏ ਗਾਇਬ ਹੋਣ ਦੇ ਮਾਮਲੇ ‘ਚ ਦਿੱਲੀ ਪੁਲਸ ਨੇ ਆਰਥਿਕ ਗੜਬੜ ਦਾ ਮਾਮਲਾ ਦਰਜ ਕੀਤਾ ਹੈ। ਥਾਣਾ ਨਾਰਥ ਐਵੇਨਿਊ ਵਿਖੇ ਸ਼੍ਰੋਮਣੀ ਅਕਾਲੀ ਦਲ (ਸਰਨਾ) ਨਾਲ ਸਬੰਧਤ ਮੈਂਬਰ ਕਰਤਾਰ ਸਿੰਘ ਚਾਵਲਾ ਦੀ ਸ਼ਿਕਾਇਤ ‘ਤੇ ਕੇਸ ਦਰਜ ਹੋਇਆ ਹੈ।
ਇਸ ਵਿਚ ਕਿਸੇ ਨੂੰ ਨਾਮਜ਼ਦ ਮੁਲਜ਼ਮ ਨਹੀਂ ਬਣਾਇਆ ਗਿਆ ਪਰ ਧੋਖੇ ਦੀ ਧਾਰਾ ਲਾਈ ਗਈ ਹੈ। ਦਿੱਲੀ ਕਮੇਟੀ ਦੇ ਐਕਟ ਮੁਤਾਬਕ ਦਿੱਲੀ ਕਮੇਟੀ ਦਾ ਸਟਾਫ, ਕਮੇਟੀ ਦੇ ਮੈਂਬਰ ਅਤੇ ਸਭ ਕਮੇਟੀਆਂ ਦੇ ਮੈਂਬਰ ਲੋਕ ਸੇਵਾ ਦੇ ਘੇਰੇ ‘ਚ ਆਉਂਦੇ ਹਨ। ਇਸ ਮਾਮਲੇ ‘ਚ ਕਮੇਟੀ ਦੇ ਜ਼ਿੰਮੇਵਾਰ ਅਧਿਕਾਰੀਆਂ ਅਤੇ ਅਹੁਦੇਦਾਰਾਂ ਵਿਰੁੱਧ ਜਾਂਚ ਹੋ ਸਕਦੀ ਹੈ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸ਼ਨੀਵਾਰ ਦਾਅਵਾ ਕੀਤਾ ਕਿ ਗ੍ਰਹਿ ਮੰਤਰਾਲਾ ਅਤੇ ਦਿੱਲੀ ਪੁਲਸ ਕਮਿਸ਼ਨਰ ਵੱਲੋਂ ਦਖਲ ਦੇਣ ਪਿੱਛੋਂ ਕੇਸ ਦਰਜ ਕਰ ਲਿਆ ਗਿਆ ਹੈ। ਦਿੱਲੀ ਪੁਲਸ ਦੀ ਵਿਸ਼ੇਸ਼ ਸ਼ਾਖਾ (ਆਰਥਿਕ) ਗੜਬੜ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾਏਗੀ। ਦੋਸ਼ੀ ਪਾਏ ਜਾਣ ‘ਤੇ 10 ਸਾਲ ਦੀ ਸਜ਼ਾ ਸੰਭਵ ਹੈ। ਸਰਨਾ ਨੇ ਦਾਅਵਾ ਕੀਤਾ ਕਿ 13 ਨਵੰਬਰ ਨੂੰ ਜਦੋਂ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਕਮੇਟੀ ਦਾ ਰਿਕਾਰਡ ਚੈੱਕ ਕੀਤਾ ਸੀ ਤਾਂ ਰਜਿਸਟਰ ਵਿਚ ਇਕ ਕਰੋੜ 30 ਲੱਖ ਰੁਪਏ ਖਜ਼ਾਨਾ ਵਿਚ ਹੋਣ ਦੀ ਗੱਲ ਕਹੀ ਗਈ ਸੀ। ਜਦੋਂ ਖਜ਼ਾਨੇ ਵਿਚ ਰਜਿਸਟਰ ਦੇ ਹਿਸਾਬ ਨਾਲ ਮਿਲਾਨ ਕੀਤਾ ਗਿਆ ਤਾਂ ਹੈਰਾਨ ਕਰ ਦੇਣ ਵਾਲੇ ਤੱਥ ਸਾਹਮਣੇ ਆਏ। ਇਸ ਿਵਚੋਂ 45 ਲੱਖ ਰੁਪਏ ਗਾਇਬ ਸਨ। ਪੁੱਛਣ ‘ਤੇ ਦੱਸਿਆ ਗਿਆ ਕਿ ਪੈਸਾ ਬੈਂਕ ਵਿਚ ਜਮ੍ਹਾ ਕਰਵਾਉਣ ਲਈ ਭੇਜਿਆ ਗਿਆ ਹੈ ਜਦੋਂ ਕਿ ਉਸ ਦਿਨ ਸ਼ਨੀਵਾਰ ਸੀ ਅਤੇ ਕੌਮੀ ਛੁੱਟੀ ਕਾਰਨ ਬੈਂਕ ਬੰਦ ਸਨ। ਇਸ ਤੋਂ ਇਲਾਵਾ ਸਾਢੇ 38 ਲੱਖ ਰੁਪਏ ਦੀ ਪਾਬੰਦੀਸ਼ੁਦਾ ਕਰੰਸੀ ਬਰਾਮਦ ਹੋਈ। ਇਸ ਕਰੰਸੀ ਨੂੰ ਸਰਕਾਰ ਨੇ ਲਗਭਗ 5 ਸਾਲ ਪਹਿਲਾਂ ਬੰਦ ਕਰ ਦਿੱਤਾ ਸੀ। ਇਸ ਪੈਸੇ ਨੂੰ ਮੂਲ ਵਿਚ ਜੋੜਿਆ ਗਿਆ ਸੀ। ਕਾਨੂੰਨੀ ਤੌਰ ‘ਤੇ ਕੋਈ ਵੀ ਸੰਸਥਾ ਇਸ ਤਰ੍ਹਾਂ ਦਾ ਪੈਸਾ ਆਪਣੇ ਕੋਲ ਨਹੀਂ ਰੱਖ ਸਕਦੀ।

Read More Latest Punjabi News

Continue Reading

ਅਪਰਾਧ

ਆਰੀਅਨ ਖਾਨ ਨੂੰ ਅੱਜ ਵੀ ਨਹੀਂ ਮਿਲੀ ਜ਼ਮਾਨਤ, ਕੱਲ ਮੁੜ ਹੋਵੇਗੀ ਸੁਣਵਾਈ

Published

on

Aryan Khan

ਮੁੰਬਈ : ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ 18 ਦਿਨਾਂ ਤੋਂ ਮੁੰਬਈ ਦੀ ਆਰਥਰ ਜੇਲ੍ਹ ‘ਚ ਬੰਦ ਹਨ । ਉਨ੍ਹਾਂ ਉੱਤੇ ਐੱਨ. ਡੀ. ਪੀ. ਐੱਸ. ਕਾਨੂੰਨ ਦੇ ਤਹਿਤ ਡਰੱਗਜ਼ ਰੱਖਣ ਤੇ ਵਰਤਣ ਦਾ ਦੋਸ਼ ਹੈ। ਆਰੀਅਨ ਦੀ ਜ਼ਮਾਨਤ ਅਰਜ਼ੀ ‘ਤੇ ਅੱਜ ਸੁਣਵਾਈ ਹੋਈ। ਇਸ ਕੇਸ ਦੀ ਸੁਣਵਾਈ ਬੁੱਧਵਾਰ ਨੂੰ ਵੀ ਜਾਰੀ ਰਹੇਗੀ। ਸਾਬਕਾ ਅਟਾਰਨੀ ਜਨਰਲ ਆਫ ਇੰਡੀਆ ਮੁਕੁਲ ਰੋਹਤਗੀ ਆਰੀਅਨ ਖਾਨ ਦਾ ਕੇਸ ਲੜ ਰਹੇ ਹਨ। ਕੋਰਟ ‘ਚ ਐੱਨ. ਸੀ. ਬੀ. ਤੇ ਆਰੀਅਨ ਖਾਨ ਦੇ ਵਕੀਲਾਂ ਨੇ ਜ਼ੋਰਦਾਰ ਦਲੀਲਾਂ ਦਿੱਤੀਆਂ।
ਐੱਨ. ਸੀ. ਬੀ. ਨੇ ਜਿਥੇ ਜ਼ਮਾਨਤ ਮਿਲਣ ਦਾ ਜ਼ੋਰਦਾਰ ਵਿਰੋਧ ਕੀਤਾ, ਉਥੇ ਹੀ ਮੁਕੁਲ ਰੋਹਤਗੀ ਨੇ ਆਰੀਅਨ ਦੀ ਗ੍ਰਿਫ਼ਤਾਰੀ ‘ਤੇ ਸਵਾਲ ਉਠਾਏ। ਕਰੂਜ਼ ਡਰੱਗਜ਼ ਮਾਮਲੇ ‘ਚ 11 ਨੰਬਰ ਦੇ ਦੋਸ਼ੀ ਮਨੀਸ਼ ਰਾਜਗਰੀਆ ਨੂੰ 2.4 ਗ੍ਰਾਮ ਗਾਂਜੇ ਦੇ ਨਾਲ ਗ੍ਰਿਫ਼ਤਾਰ ਕੀਤਾ ਸੀ ਪਰ ਉਸ ਦੇ ਵਕੀਲ ਅਜੇ ਦੁਬੇ ਨੇ ਕਿਹਾ ਕਿ ਮਨੀਸ਼ ਨੂੰ 50 ਹਜ਼ਾਰ ਦੇ ਬਾਂਡ ‘ਤੇ ਜ਼ਮਾਨਤ ਮਿਲ ਗਈ ਹੈ।

Read More Latest Punjabi News

Continue Reading

ਅਪਰਾਧ

ਨੌਜਵਾਨ ਨੇ ਆਪਣੀ ਸੱਸ ਅਤੇ ਪਤਨੀ ਉਤੇ ਗੋਲੀਆਂ ਚਲਾਈਆਂ

Published

on

pistal

ਸੱਸ ਦੀ ਮੌਕੇ ਉੱਤੇ ਹੀ ਮੌਤ, ਪਤਨੀ ਗੰਭੀਰ ਜ਼ਖਮੀ
ਹੁਸ਼ਿਆਰਪੁਰ, 23 ਅਗਸਤ – ਪਿੰਡ ਝੁੰਗੀਆਂ ਵਿੱਚ ਵਿਦੇਸ਼ ਤੋਂ ਆਏ ਨੌਜਵਾਨ ਨੇ ਕੱਲ੍ਹ ਆਪਣੀ ਪਤਨੀ ਤੇ ਸੱਸ ਉੱਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਸੱਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਤੇ ਪਤਨੀ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਜਲੰਧਰ ਦੇ ਇੱਕ ਹਸਪਤਾਲ ਦਾਖਲ ਕਰਾਇਆ ਹੈ। ਉਸ ਦੀ ਹਾਲਤ ਗੰਭੀਰ ਹੈ। ਚੱਬੇਵਾਲ ਪੁਲਸ ਨੇ ਚੱਲੀਆਂ ਗੋਲੀਆਂ ਦੇ ਖੋਲ, ਨਸ਼ੀਲਾ ਪਦਾਰਥ ਅਤੇ ਹੋਰ ਸ਼ੱਕੀ ਸਾਮਾਨ ਕਬਜ਼ੇ ਵਿੱਚ ਲੈ ਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਸ਼ਵਦੀਪ ਕੌਰ ਪੁੱਤਰੀ ਰਾਜਦੀਪ ਸਿੰਘ ਪਿੰਡ ਝੁੰਗੀਆਂ ਦਾ ਵਿਆਹ ਮਨਦੀਪ ਸਿੰਘ ਪੁੱਤਰ ਗੁਰਜਿੰਦਰ ਸਿੰਘ ਵਾਸੀ ਸਿੰਘਪੁਰਾ ਨਾਲ 2018 ਵਿੱਚ ਹੋਇਆ ਸੀ, ਜਿਹੜਾ ਵਿਆਹ ਤੋਂ ਬਾਅਦ ਅਮਰੀਕਾ ਚਲਾ ਗਿਆ ਤੇ ਉਸ ਦੇ ਜਾਣ ਮਗਰੋਂ ਸ਼ਵਦੀਪ ਕੌਰ ਆਪਣੀ ਮਾਂ ਬਲਵੀਰ ਕੌਰ ਨਾਲ ਪਿੰਡ ਝੁੰਗੀਆਂ ਵਿੱਚ ਰਹਿਣ ਲੱਗ ਗਈ। ਲੜਕੀ ਦੇ ਪਰਵਾਰ ਨੇ ਦੱਸਿਆ ਕਿ ਸ਼ਵਦੀਪ ਵੀ ਅਮਰੀਕਾ ਜਾਣ ਲਈ ਤਿਆਰ ਸੀ। ਕੁਝ ਦਿਨ ਪਹਿਲਾਂ ਮਨਦੀਪ ਭਾਰਤ ਆ ਗਿਆ ਅਤੇ ਸ਼ਨੀਵਾਰ ਰਾਤ ਆਪਣੀ ਪਤਨੀ ਤੇ ਸੱਸ ਨੂੰ ਮਿਲਣ ਸਹੁਰੇ ਘਰ ਗਿਆ। ਕੱਲ੍ਹ ਸਵੇਰੇ ਉਹ ਪਿਸਤੌਲ ਨਾਲ ਆਪਣੀ ਸੱਸ ਤੇ ਪਤਨੀ ਉੱਤੇ ਗੋਲੀਆਂ ਚਲਾ ਕੇ ਫਰਾਰ ਹੋ ਗਿਆ। ਇਸ ਨਾਲ ਸੱਸ ਦੀ ਮੌਤ ਤੇ ਪਤਨੀ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਜਲੰਧਰ ਦਾਖਲ ਕਰਵਾਇਆ ਹੈ। ਪੁਲਸ ਨੇੇ ਦੋਸ਼ੀ ਖਿਲਾਫ ਕਤਲ ਦਾ ਕੇਸ ਦਰਜ ਕਰ ਕੇ ਅੰਮ੍ਰਿਤਸਰ ਤੇ ਦਿੱਲੀ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਮਨਦੀਪ ਬਾਰੇ ਸੂਚਿਤ ਕਰ ਦਿੱਤਾ ਹੈ ਤਾਂ ਜੋ ਉਹ ਵਿਦੇਸ਼ ਨਾ ਜਾ ਸਕੇ।

Read More Punjab Crime News

Continue Reading

ਰੁਝਾਨ


Copyright by IK Soch News powered by InstantWebsites.ca