Latest Punjabi Articles 2020 | Punjabi Archives | Jatinder Pannu
Connect with us [email protected]

ਲੇਖ

ਕਿਸਾਨੀ ਸੰਘਰਸ਼ ਚੱਲਦੇ ਤੋਂ ‘ਇੱਕ ਦੇਸ਼, ਇੱਕ ਚੋਣ’ ਦਾ ਅਗਲਾ ਜੁਮਲਾ ਪੇਸ਼ -ਜਤਿੰਦਰ ਪਨੂੰ

Published

on

pannu article

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਣਨੀਤੀ ਇਹ ਰਹੀ ਹੈ, ਅਤੇ ਅੱਜ ਵੀ ਹੈ ਕਿ ਇੱਕ ਸਮੱਸਿਆ ਖੜੀ ਹੁੰਦੀ ਹੈ ਤਾਂ ਉਸ ਦਾ ਹੱਲ ਕੱਢਣ ਦੀ ਥਾਂ ਨਵਾਂ ਸ਼ੋਸ਼ਾ, ਅੱਜਕੱਲ੍ਹ ਇਹੋ ਜਿਹੇ ਸ਼ਬਦ ਦੀ ਥਾਂ ‘ਜੁਮਲਾ’ ਆਖਿਆ ਜਾਂਦਾ ਹੈ, ਪੇਸ਼ ਕਰ ਕੇ ਬਹਿਸ ਦਾ ਰੁਖ ਹੋਰ ਪਾਸੇ ਮੋੜ ਦਿੱਤਾ ਜਾਂਦਾ ਹੈ। ਜਦੋਂ ਦੇਸ਼ ਵਿੱਚ ਮੋਦੀ ਸਰਕਾਰ ਦੇ ਬਣਾਏ ਨਾਗਰਿਕਤਾ ਸੋਧ ਕਾਨੂੰਨ ਬਾਰੇ ਬਹਿਸ ਹੋ ਰਹੀ ਸੀ ਤਾਂ ਅਚਾਨਕ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਦੀ ਧਾਰਾ ਤਿੰਨ ਸੌ ਸੱਤਰ ਤੋੜੀ ਤੇ ਉਸ ਰਾਜ ਦੇ ਦੋ ਹਿੱਸੇ ਕਰ ਦਿੱਤੇ ਸਨ। ਕੋਰੋਨਾ ਵਾਇਰਸ ਦੇ ਦਿਨਾਂ ਵਿੱਚ ਜਦੋਂ ਇਹ ਗੱਲ ਚਰਚਾ ਦਾ ਵਿਸ਼ਾ ਬਣਨ ਲੱਗੀ ਕਿ ਪ੍ਰਧਾਨ ਮੰਤਰੀ ਦੇ ਦਾਅਵੇ ਧਰ-ਧਰਾਏ ਰਹਿ ਗਏ ਤੇ ਮਹਾਮਾਰੀ ਵਧਦੀ ਜਾਂਦੀ ਹੈ ਤਾਂ ਕਿਸਾਨ ਭਾਈਚਾਰੇ ਨੂੰ ਠਿੱਬੀ ਲਾਉਣ ਵਾਲੇ ਤਿੰਨ ਆਰਡੀਨੈਂਸ ਅਚਾਨਕ ਜਾਰੀ ਕਰ ਦਿੱਤੇ ਸਨ। ਮੋਦੀ ਸਾਹਿਬ ਤੇ ਉਨ੍ਹਾਂ ਦੇ ਮੰਤਰੀ ਏਦਾਂ ਦਾ ਦਾਅਵਾ ਕਰਦੇ ਸਨ ਕਿ ਇਹ ਤਿੰਨ ਕਾਨੂੰਨ ਕਿਸਾਨਾਂ ਦਾ ਭਲਾ ਕਰਨ ਵਾਲੇ ਹਨ ਤੇ ਕਿਸਾਨ ਆਗੂ ਇਹ ਕਹੀ ਜਾਂਦੇ ਸਨ ਕਿ ਇਨ੍ਹਾਂ ਨੇ ਕਿਸਾਨਾਂ ਨੂੰ ਜਿਊਣ ਜੋਗੇ ਨਹੀਂ ਛੱਡਣਾ। ਇਸ ਬਾਰੇ ਕਿਸਾਨਾਂ ਨਾਲ ਗੱਲ ਕਰਨ ਦੀ ਥਾਂ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਜਿੱਥੇ ਧਰਨਾ ਲਾ ਕੇ ਬੈਠੇ ਸਨ, ਓਥੇ ਬੈਠੇ ਰਹਿਣ ਦਿੱਤਾ ਅਤੇ ਇਹੋ ਜਿਹਾ ਵਤੀਰਾ ਧਾਰਨ ਕਰ ਲਿਆ, ਜਿਵੇਂ ਉਸ ਨੂੰ ਉਨ੍ਹਾਂ ਦੇ ਮਰਨ-ਜਿਊਣ ਦੀ ਕੋਈ ਪ੍ਰਵਾਹ ਹੀਂ ਨਹੀਂ ਹੁੰਦੀ। ਸਬਰ ਦਾ ਪੈਮਾਨਾ ਭਰਨ ਲੱਗਾ ਤਾਂ ਕਿਸਾਨ ਆਪਣੇ ਦੇਸ਼ ਦੀ ਰਾਜਧਾਨੀ ਦਿੱਲੀ ਨੂੰ ਕੂਚ ਕਰਨ ਲੱਗ ਪਏ। ਐਨ ਇਸ ਮੌਕੇ ਮੋਦੀ ਸਾਹਿਬ ਨੇ ਨਵਾਂ ਮੁੱਦਾ ਛੇੜ ਦਿੱਤਾ ਹੈ। ਉਨ੍ਹਾਂ ਸਮੁੱਚੇ ਭਾਰਤ ਵਿੱਚ ਇੱਕੋ ਵਾਰ ਚੋਣਾਂ ਕਰਾਉਣ ਲਈ ‘ਇੱਕ ਦੇਸ਼, ਇੱਕ ਚੋਣ’ ਦਾ ਨਾਅਰਾ ਚੁੱਕ ਦਿੱਤਾ ਹੈ, ਜਿਸ ਨਾਲ ਭਾਰਤ ਦੇ ਸਾਰੇ ਰਾਜਾਂ ਵਿੱਚ ਇਹ ਬਹਿਸ ਛਿੜ ਗਈ ਹੈ ਕਿ ਇਹੋ ਜਿਹੀ ਚੋਣ ਕਿੱਦਾਂ ਦੀ ਹੋਵੇਗੀ ਤੇ ਕਦੋਂ ਹੋਵੇਗੀ?
ਪਹਿਲਾਂ ਭਾਰਤ ਦੇ ਲੋਕਾਂ ਨੂੰ ਇਹ ਸਮਝ ਨਹੀਂ ਸੀ ਆਇਆ ਕਿ ਜਦੋਂ ਲੋਕ ਕੋਰੋਨਾ ਦੇ ਜਾਲ ਵਿੱਚ ਫਸੇ ਹੋਏ ਸਨ, ਐਨ ਓਦੋਂ ਕਿਸਾਨਾਂ ਦੇ ਪੈਰਾਂ ਨੂੰ ਬੇੜੀਆਂ ਪਾਉਣ ਵਾਲੇ ਤਿੰਨ ਕਾਨੂੰਨ ਪਾਸ ਕਰਨ ਦੀ ਕੀ ਲੋੜ ਸੀ? ਇਸ ਕੰਮ ਲਈ ਕੁਝ ਸਮਾਂ ਉਡੀਕ ਕਿਉਂ ਨਹੀਂ ਸੀ ਕੀਤੀ ਜਾ ਸਕੀ? ‘ਇਕ ਦੇਸ਼, ਇੱਕ ਚੋਣ’ ਦਾ ਮੁੱਦਾ ਵੀ ਨਵਾਂ ਨਹੀਂ। ਇਸ ਬਾਰੇ ਪਹਿਲਾਂ ਕਦੇ-ਕਦਾਈਂ ਗੱਲ ਚੱਲਦੀ ਤੇ ਰੁਕਦੀ ਰਹੀ ਹੈ। ਫਿਰ ਇਸ ਨੂੰ ਇਸੇ ਵਕਤ, ਜਦੋਂ ਕਿਸਾਨੀ ਦੇ ਭਵਿੱਖ ਦਾ ਮੁੱਦਾ ਭਖਿਆ ਪਿਆ ਹੈ, ਅਗਲੀ ਰਾਜਨੀਤਕ ਬਹਿਸ ਲਈ ਏਜੰਡੇ ਵਜੋਂ ਪੇਸ਼ ਕਰਨ ਦੀ ਕੀ ਲੋੜ ਸੀ? ਕਾਹਲ ਕਰਨ ਦੀ ਥਾਂ ਇਹ ਮੁੱਦਾ ਕੁਝ ਚਿਰ ਪਿੱਛੋਂ ਵੀ ਉਠਾਇਆ ਜਾ ਸਕਦਾ ਸੀ, ਪਰ ਇੱਕ ਰਣਨੀਤੀ ਅਧੀਨ ਇਸ ਵੇਲੇ ਪੇਸ਼ ਕੀਤਾ ਗਿਆ ਹੈ।
ਚੋਣਾਂ ਨਾਲ ਸੰਬੰਧਤ ਦੋ ਮੁੱਦੇ ਏਦਾਂ ਦੇ ਹਨ, ਜਿਹੜੇ ਇੱਕ ਖਾਸ ਸੋਚਣੀ ਹੇਠ ਕਈ ਵਾਰੀ ਪੇਸ਼ ਕੀਤੇ ਗਏ ਤੇ ਜਦੋਂ ਲੋਕਾਂ ਨੇ ਨਹੀਂ ਚੁੱਕੇ ਤਾਂ ਠੱਪੇ ਜਾਂਦੇ ਰਹੇ ਹਨ। ਇੱਕ ਮੁੱਦਾ ਕਈ ਸਾਲ ਪਹਿਲਾਂ ਲਾਲ ਕ੍ਰਿਸ਼ਨ ਅਡਵਾਨੀ ਨੇ ਹਰ ਨਾਗਰਿਕ ਲਈ ਵੋਟ ਪਾਉਣਾ ਲਾਜ਼ਮੀ ਕਰ ਦੇਣ ਦਾ ਉਛਾਲਿਆ ਤੇ ਇਹ ਤਜਵੀਜ਼ ਦਿੱਤੀ ਸੀ ਕਿ ਜਿਹੜਾ ਵੋਟ ਨਹੀਂ ਪਾਵੇਗਾ, ਉਸ ਦੇ ਲਈ ਜੇਲ੍ਹ ਦੀ ਸਜ਼ਾ ਰੱਖੀ ਜਾਵੇਗੀ। ਮੈਂ ਓਦੋਂ ਇਸ ਦੇ ਵਿਰੁੱਧ ਲਿਖਿਆ ਸੀ ਕਿ ਭਾਰਤ ਵਿੱਚ ਇਹ ਵੀ ਮਿਸਾਲਾਂ ਹਨ, ਜਿੱਥੇ ਕਿਸੇ ਚੋਣ ਵਿੱਚ ਇੱਕੋ ਹਲਕੇ ਵਿੱਚ ਦੋ ਜਾਂ ਤਿੰਨ ਮੁੱਖ ਉਮੀਦਵਾਰ ਲੁੱਚੇ-ਬਦਮਾਸ਼ ਹੀ ਖੜੇ ਹੋ ਜਾਂਦੇ ਹਨ, ਜਿੱਤਣਾ ਉਨ੍ਹਾਂ ਵਿੱਚੋਂ ਕਿਸੇ ਇੱਕ ਨੇ ਹੁੰਦਾ ਸੀ, ਉਸ ਹਾਲਤ ਵਿੱਚ ਜੇ ਕੋਈ ਨਾਗਰਿਕ ਵੋਟ ਪਾਉਣ ਮਗਰੋਂ ਪੰਜ ਸਾਲ ਆਪਣੇ ਮਨ ਵਿੱਚ ਸ਼ਰਮ ਦਾ ਅਹਿਸਾਸ ਹੰਢਾਉਣ ਦੀ ਬਜਾਏ ਵੋਟ ਦੇਣ ਨਹੀਂ ਜਾਣਾ ਚਾਹੁੰਦਾ ਤਾਂ ਇਸ ਲੋਕਤੰਤਰ ਵਿੱਚ ਉਸ ਨੂੰ ਇਸ ਪ੍ਰਕਿਰਿਆ ਤੋਂ ਦੂਰ ਰਹਿਣ ਦਾ ਹੱਕ ਵੀ ਹੋਣਾ ਚਾਹੀਦਾ ਹੈ, ਉਸ ਨੂੰ ਕਿਸੇ ਇੱਕ ਬਦਮਾਸ਼ ਨੂੰ ਵੋਟ ਪਾਉਣ ਲਈ ਮਜਬੂਰ ਕਰਨਾ ਗਲਤ ਹੈ। ਉੱਤਰ ਪ੍ਰਦੇਸ਼ ਵਿੱਚ ਇੱਕ ਵਾਰ ਇੱਕੋ ਹਲਕੇ ਵਿੱਚ ਤਿੰਨ ਵੱਡੀਆਂ ਪਾਰਟੀਆਂ ਨੇ ਜਿਹੜੇ ਉਮੀਦਵਾਰ ਖੜੇ ਕੀਤੇ, ਉਹ ਤਿੰਨੇ ਕਤਲ ਕੇਸਾਂ ਵਿੱਚ ਇੱਕੋ ਜੇਲ੍ਹ ਵਿੱਚ ਬੰਦ ਸਨ ਤੇ ਜਿਹੜਾ ਇੱਕ ਜਿੱਤ ਗਿਆ, ਉਸ ਨੇ ਸਾਰੀ ਜੇਲ੍ਹ ਦੇ ਕੈਦੀਆਂ ਦੀ ਪਾਰਟੀ ਕੀਤੀ ਅਤੇ ਆਪਣੇ ਮੁਕਾਬਲੇ ਵਿੱਚ ਹਾਰੇ ਹੋਏ ਦੋਵਾਂ ਉਮੀਦਵਾਰਾਂ ਨੂੰ ਵੀ ਸ਼ਰਾਬ ਦੀਆਂ ਬੋਤਲਾਂ ਅਤੇ ਮੀਟ-ਮੁਰਗਾ ਭੇਜੇ ਸਨ। ਇਹੋ ਜਿਹੇ ਹਲਕੇ ਵਿੱਚ ਰਹਿੰਦੇ ਕਿਸੇ ਜ਼ਮੀਰ ਵਾਲੇ ਵੋਟਰ ਨੂੰ ਏਦਾਂ ਦੇ ਤਿੰਨਾਂ ਵਿੱਚੋਂ ਕਿਸੇ ਇੱਕ ਬਦਮਾਸ਼ ਜਾਂ ਕਾਤਲ ਨੂੰ ਵੋਟ ਲਈ ਮਜਬੂਰ ਕਿਉਂ ਕਰਨਾ ਚਾਹੀਦਾ ਹੈ? ਜੇ ਉਹ ਇਸ ਕਿਸਮ ਦੇ ਲੋਕਤੰਤਰੀ ਰੰਗ ਤੋਂ ਲਾਂਭੇ ਰਹਿਣਾ ਚਾਹੁੰਦਾ ਹੈ ਤਾਂ ਉਸ ਨੂੰ ਲਾਂਭੇ ਰਹਿਣ ਦਾ ਹੱਕ ਵੀ ਹੋਣਾ ਚਾਹੀਦਾ ਹੈ।
ਜਿਹੜਾ ‘ਇੱਕ ਦੇਸ਼, ਇੱਕ ਚੋਣ’ ਦਾ ਮੁੱਦਾ ਇਸ ਹਫਤੇ ਨਰਿੰਦਰ ਮੋਦੀ ਨੇ ਚੁੱਕਿਆ ਹੈ, ਇਹ ਵੀ ਬੇਹੀ ਕੜ੍ਹੀ ਦਾ ਉਬਾਲਾ ਹੈ। ਕਈ ਸਾਲ ਪਹਿਲਾਂ ਇਹੋ ਵਿਚਾਰ ਲਾਲ ਕ੍ਰਿਸ਼ਨ ਅਡਵਾਨੀ ਨੇ ਵਾਜਪਾਈ ਸਰਕਾਰ ਦੇ ਵਕਤ ਉਭਾਰ ਕੇ ਪੇਸ਼ ਕੀਤਾ ਸੀ, ਪਰ ਓਦੋਂ ਵਿਰੋਧ ਹੁੰਦਾ ਵੇਖ ਕੇ ਛੱਡਣਾ ਪਿਆ ਸੀ। ਅੱਜ ਜਦੋਂ ਨਰਿੰਦਰ ਮੋਦੀ ਨੂੰ ਪਤਾ ਹੈ ਕਿ ਉਸ ਦੇ ਵਿਰੋਧ ਵਿੱਚ ਬੋਲਣ ਦੀ ਜੁਰਅੱਤ ਕਰਨ ਵਾਲੇ ਬਹੁਤੇ ਲੋਕ ਨਹੀਂ ਰਹਿ ਗਏ ਤਾਂ ਆਪਣੇ ਸਿਆਸੀ ਗੁਰੂ ਅਡਵਾਨੀ ਵਾਲੀ ਧਾਰਨਾ ਫਿਰ ਪੇਸ਼ ਕਰ ਦਿੱਤੀ ਹੈ। ਇਹੋ ਧਾਰਨਾ ਉਨ੍ਹਾਂ ਨੇ ਚਾਰ ਸਾਲ ਪਹਿਲਾਂ ਵੀ ਚੁੱਕੀ ਸੀ, ਪਰ ਨਬਜ਼ ਟੋਹਣ ਪਿੱਛੋਂ ਛੱਡ ਦਿੱਤੀ ਗਈ ਸੀ। ਇਸ ਵਾਰ ਫਿਰ ਜਿਵੇਂ ਉਛਾਲੀ ਗਈ ਹੈ, ਇਸ ਦੇ ਨਾਲ ਬਹਿਸ ਛਿੜ ਗਈ ਹੈ। ਅਮਰੀਕਾ ਵੱਲ ਝੁਕਦੇ ਹੋਣ ਕਾਰਨ ਭਾਜਪਾ ਆਗੂ ਬਹੁਤ ਚਿਰਾਂ ਤੋਂ ਸਿਰਫ ‘ਇੱਕ ਦੇਸ਼, ਇੱਕ ਚੋਣ’ ਹੀ ਨਹੀਂ, ਅਮਰੀਕਾ ਵਾਂਗ ਦੇਸ਼ ਦੇ ਵੋਟਰਾਂ ਵੱਲੋਂ ਰਾਸ਼ਟਰਪਤੀ ਦੀ ਸਿੱਧੀ ਚੋਣ ਅਤੇ ਉਸ ਰਾਸ਼ਟਰਪਤੀ ਦੇ ਹੱਥ ਸਾਰੀ ਤਾਕਤ ਹੋਣ ਵਾਲਾ ਰਾਜ ਪ੍ਰਬੰਧ ਵੀ ਲਾਗੂ ਹੋਇਆ ਮੰਗਦੇ ਰਹੇ ਹਨ। ਇਸ ਪਿੱਛੇ ਇੱਕ ਖਾਸ ਰਾਜਨੀਤੀ ਇਹ ਹੈ ਕਿ ਅੱਧ-ਪੜ੍ਹੀ ਅਤੇ ਆਪੋ-ਆਪਣੇ ਫਿਰਕੇ ਦੇ ਨਾਂਅ ਉੱਤੇ ਲੜਨ ਲਈ ਤਿਆਰ ਰਹਿੰਦੀ ਇਸ ਦੇਸ਼ ਦੀ ਜਨਤਾ ਵਿੱਚੋਂ ਬਹੁ-ਗਿਣਤੀ ਧਰਮ ਦੇ ਲੋਕਾਂ ਨੂੰ ਧਾਰਮਿਕਤਾ ਦਾ ਰੰਗ ਚਾੜ੍ਹ ਕੇ ਇੱਕੋ ਧਰਮ ਦਾ ਰਾਜ ਕਾਇਮ ਕਰਨ ਲਈ ਵਰਤਿਆ ਜਾ ਸਕਦਾ ਹੈ। ਇਹ ਨੀਤੀ ਅਜੇ ਤੱਕ ਕਾਮਯਾਬ ਨਹੀਂ ਹੋਈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਛੱਡ ਦਿੱਤੀ ਹੈ, ਕੁਝ ਚਿਰ ਬਾਅਦ ਇਹੋ ਮੁੱਦਾ ਫਿਰ ਉੱਠ ਸਕਦਾ ਹੈ।
ਜਿੱਥੋਂ ਤੱਕ ‘ਇੱਕ ਦੇਸ਼, ਇੱਕ ਚੋਣ’ ਦੀ ਪ੍ਰਣਾਲੀ ਦਾ ਸਵਾਲ ਹੈ, ਉਹ ਭਾਰਤ ਵਰਗੇ ਰਾਜਾਂ ਦੀ ਰਾਜਨੀਤੀ ਅੰਦਰ ਅਸਥਿਰਤਾ ਵਾਲੇ ਮਾਹੌਲ ਵਿੱਚ ਫਿੱਟ ਨਹੀਂ ਬੈਠ ਸਕਦਾ, ਪਰ ਮੌਜੂਦਾ ਹਾਲਾਤ ਵਿੱਚ ਭਾਜਪਾ ਨੂੰ ਠੀਕ ਰਹੇਗਾ। ਏਦਾਂ ਦੀ ਧਾਰਨਾ ਹੇਠ ਜੇ ਸਾਰੇ ਦੇਸ਼ ਵਿੱਚ ਇੱਕੋ ਵਾਰ ਚੋਣਾਂ ਹੋਣ ਤੇ ਫਿਰ ਪੰਜ ਸਾਲ ਤੱਕ ਕੋਈ ਚੋਣ ਨਾ ਹੋਣੀ ਨਾ ਹੋਵੇ ਤਾਂ ਅਗਲੀ ਸਮੱਸਿਆ ਇਹ ਹੈ ਕਿ ਕਿਸੇ ਰਾਜ ਵਿੱਚ ਕੋਈ ਪਾਰਟੀ ਪਾਟ ਗਈ ਤੇ ਕਿਸੇ ਧਿਰ ਨਾਲ ਬਹੁ-ਸੰਮਤੀ ਨਾ ਹੋਣ ਦੀ ਹਾਲਤ ਬਣ ਜਾਵੇਗੀ ਤਾਂ ਕੀ ਹੋਵੇਗਾ? ਓਥੇ ਕਿਸੇ ਧਿਰ ਕੋਲ ਬਹੁ-ਸੰਮਤੀ ਨਾ ਰਹੀ ਤੇ ਕੋਈ ਵੀ ਸਰਕਾਰ ਹੀ ਨਾ ਬਣ ਸਕੀ ਤਾਂ ਰਾਜ ਕੌਣ ਚਲਾਵੇਗਾ? ਸਾਫ ਹੈ ਕਿ ਓਦੋਂ ਪੰਜ ਸਾਲ ਪੂਰੇ ਹੋਣ ਤੱਕ ਨਵੀਂ ਚੋਣ ਕਰਵਾਉਣ ਦੀ ਕੋਈ ਵਿਚਾਰ ਨਹੀਂ ਕੀਤੀ ਜਾਵੇਗੀ, ਸਗੋਂ ਕੇਂਦਰ ਸਰਕਾਰ ਓਥੇ ਰਾਸ਼ਟਰਪਤੀ ਰਾਜ ਲਾਗੂ ਕਰੇਗੀ ਅਤੇ ਕਿਸੇ ਹਾਰੇ ਹੋਏ ਆਗੂ ਨੂੰ ਗਵਰਨਰ ਲਾ ਕੇ ਉਸ ਦੇ ਰਾਹੀਂ ਆਪਣੀ ਬਹੁ-ਸੰਮਤੀ ਦੇ ਬਗੈਰ ਵੀ ਦਿੱਲੀ ਵਿੱਚੋਂ ਉਸ ਰਾਜ ਦੀ ਸਰਕਾਰ ਚਲਾਵੇਗੀ।
ਦੂਸਰੀ ਸਮੱਸਿਆ ਇਹ ਹੈ ਕਿ ਫਰਜ਼ ਕਰੋ ਕਿ ਕੇਂਦਰ ਦੀ ਸਰਕਾਰ ਕਿਸੇ ਉਲਝਣ ਵਿੱਚ ਫਸ ਕੇ ਟੁੱਟ ਜਾਂਦੀ ਤੇ ਪਾਰਲੀਮੈਂਟ ਚੋਣ ਕਰਵਾਉਣੀ ਪੈ ਜਾਂਦੀ ਹੈ। ਇਹ ਸਮੱਸਿਆ ਕੇਂਦਰ ਸਰਕਾਰ ਦੀ ਹੋਵੇਗੀ, ਪਰ ‘ਇੱਕ ਦੇਸ਼, ਇੱਕ ਚੋਣ’ ਦਾ ਫਾਰਮੂਲਾ ਹੋਣ ਕਾਰਨ ਠੀਕ-ਠਾਕ ਚੱਲਦੇ ਹੋਣ ਦੇ ਬਾਵਜੂਦ ਸਾਰੀਆਂ ਵਿਧਾਨ ਸਭਾਵਾਂ ਤੋੜਨ ਤੇ ਹਰ ਰਾਜ ਦੇ ਲਈ ਨਵੀਂਆਂ ਵਿਧਾਨ ਸਭਾ ਚੋਣਾਂ ਕਰਾਉਣ ਦਾ ਕਜ਼ੀਆ ਕਰਨਾ ਪੈ ਜਾਵੇਗਾ। ਜਿਹੜੇ ਰਾਜ ਠੀਕ ਚੱਲ ਰਹੇ ਹਨ, ਉਨ੍ਹਾਂ ਦੇ ਲੋਕਾਂ ਨੂੰ ਕੇਂਦਰ ਦੀ ਸਰਕਾਰ ਟੁੱਟਣ ਦੀ ਸਜ਼ਾ ਕਿਸ ਲਈ ਦਿੱਤੀ ਜਾਵੇਗੀ, ਪਤਾ ਨਹੀਂ। ਸਭ ਤੋਂ ਵੱਡੀ ਗੱਲ ਤਾਂ ਇਹ ਕਿ ਅੱਜ ਇਹ ਫਾਰਮੂਲਾ ਲਾਗੂ ਕਰਨ ਦੀ ਤਜਵੀਜ਼ ਪਾਸ ਹੁੰਦੀ ਹੈ ਤਾਂ ਪੰਜਾਬ ਨੂੰ ਬਹੁਤਾ ਫਰਕ ਨਹੀਂ ਪੈਣਾ, ਏਥੇ ਵਿਧਾਨ ਸਭਾ ਚੋਣਾਂ ਵਿੱਚ ਉਂਜ ਵੀ ਮਸਾਂ ਸਵਾ ਸਾਲ ਬਾਕੀ ਹੈ, ਪਰ ਜਿਸ ਬਿਹਾਰ ਦੀ ਚੋਣ ਹਾਲੇ ਪੰਝੀ ਦਿਨ ਪਹਿਲਾਂ ਨਿੱਬੜੀ ਹੈ, ਉਸ ਰਾਜ ਦੀ ਵਿਧਾਨ ਸਭਾ ਵੀ ਅੱਜ ਜਾਂ ਅਗਲੇ ਸਾਲ ਜਾਂ ਵੱਧ ਤੋਂ ਵੱਧ ਅਗਲੇਰੇ ਸਾਲ ਮਿਆਦ ਹੰਢਾਉਣ ਤੋਂ ਬਿਨਾਂ ਤੋੜ ਕੇ ਫਿਰ ਪਾਰਲੀਮੈਂਟ ਦੇ ਨਾਲ ਚੋਣਾਂ ਕਰਾਈਆਂ ਜਾਣਗੀਆਂ। ਇਹ ਓਥੋਂ ਦੇ ਲੋਕਾਂ ਨੂੰ ਸਜ਼ਾ ਦੇਣ ਬਰਾਬਰ ਹੋਵੇਗਾ। ਇਹ ਸਭ ਵਿਚਾਰ ਇਸ ਵਕਤ ਬਹਿਸ ਦਾ ਮੁੱਦਾ ਬਣ ਰਹੇ ਹਨ, ਪਰ ਜਿਸ ਪ੍ਰਧਾਨ ਮੰਤਰੀ ਨੇ ਇਨ੍ਹਾਂ ਵਿਚਾਰਾਂ ਦਾ ਸ਼ੋਸ਼ਾ ਛੱਡਿਆ ਹੈ, ਅਜੋਕੀ ਬੋਲੀ ਵਿੱਚ ਇੱਕ ਨਵਾਂ ਜੁਮਲਾ ਪੇਸ਼ ਕੀਤਾ ਹੈ, ਉਸ ਨੇ ਇਸ ਉੱਤੇ ਕਾਇਮ ਰਹਿਣਾ ਹੈ ਜਾਂ ਇਸ ਬਹਿਸ ਦੌਰਾਨ ਕੋਈ ਨਵਾਂ ਜੁਮਲਾ ਲਿਆ ਪੇਸ਼ ਕਰਨਾ ਹੈ, ਇਹ ਵੀ ਦੇਸ਼ ਦੇ ਲੋਕ ਕਦੇ ਨਹੀਂ ਜਾਣ ਸਕਦੇ। ਹਰ ਗੱਲ ਆਣਕਿਆਸੇ ਢੰਗ ਨਾਲ ਕਹਿਣ ਅਤੇ ਕਰਨ ਦੇ ਆਦੀ ਇਸ ਪ੍ਰਧਾਨ ਮੰਤਰੀ ਦਾ ਅਸਲ ਇਰਾਦਾ ਦੋ ਵਿਅਕਤੀਆਂ ਵਿਚਾਲੇ ਸਿੱਧੀਆਂ ਵੋਟਾਂ ਦੇ ਮੁਕਾਬਲੇ ਵਿੱਚ ਉੱਭਰ ਕੇ ਉਹੋ ਜਿਹਾ ਰਾਸ਼ਟਰਪਤੀ ਬਣਨ ਦਾ ਹੈ, ਜਿਹੜਾ ਪਾਰਲੀਮੈਂਟ ਦੀਆਂ ਪਾਸ ਕੀਤੀਆਂ ਤਜਵੀਜ਼ਾਂ ਨੂੰ ਰੱਦ ਕਰਨ ਅਤੇ ਮਰਜ਼ੀ ਮੁਤਾਬਕ ਦੇਸ਼ ਚਲਾਉਣ ਦੀ ਤਾਕਤ ਰੱਖਦਾ ਹੋਵੇ। ਇਰਾਦਾ ਤਾਂ ਬਹੁਤ ਲੰਮੀ ਛਾਲ ਮਾਰਨ ਦਾ ਹੈ, ਪਰ ਕੀ ਭਾਰਤ ਦੇ ਲੋਕ ਇਸ ਲਈ ਰਾਜ਼ੀ ਹੋ ਸਕਣਗੇ, ਇਸ ਸਵਾਲ ਦਾ ਜਵਾਬ ਭਵਿੱਖ ਦੀ ਕੁੱਖ ਵਿੱਚ ਹੈ।

ਲੇਖ

‘ਭਾਰਤ ਮਹਾਨ’ ਕਹਾਉਂਦੇ ਦੇਸ਼ ਵਿੱਚ ਵਿਚਾਰਗੀ ਦਾ ਨਾਂਅ ਗਣਤੰਤਰ -ਜਤਿੰਦਰ ਪਨੂੰ

Published

on

pannu article

ਲੋਕਤੰਤਰੀ ਪ੍ਰਬੰਧ ਵਾਲੇ ਕਿਸੇ ਵੀ ਦੇਸ਼ ਦੇ ਲੋਕਾਂ ਲਈ ਉਸ ਦੇਸ਼ ਦਾ ਗਣਤੰਤਰ ਦਿਵਸ ਇੱਕ ਚਾਅ ਵਾਲਾ ਦਿਨ ਹੋਣਾ ਚਾਹੀਦਾ ਹੈ। ਅਸੀਂ ਬਚਪਨ ਵਿੱਚ ਇਹੋ ਜਿਹਾ ਚਾਅ ਭਾਰਤੀ ਲੋਕਾਂ ਦੇ ਚਿਹਰਿਆਂ ਉੱਤੇ ਵੀ ਵੇਖਦੇ ਰਹੇ ਹਾਂ ਤੇ ਇਹ ਚਾਅ ਪੰਜਾਬੀ ਲੋਕਾਂ ਵਿੱਚ ਸਾਰੇ ਦੇਸ਼ ਦੇ ਲੋਕਾਂ ਜਿੰਨਾ ਹੀ ਹੋਇਆ ਕਰਦਾ ਸੀ। ਇਹ ਚਾਅ ਸੜਕਾਂ ਉੱਤੇ ਰੋੜੀ ਕੁੱਟ ਰਹੇ ਮਜ਼ਦੂਰਾਂ ਦੇ ਚਿਹਰੇ ਉੱਤੇ ਓਦੋਂ ਵੀ ਖਾਸ ਨਜ਼ਰ ਨਹੀਂ ਸੀ ਆਉਂਦਾ, ਰਿਕਸ਼ਾ ਚਲਾ ਕੇ ਲੋਕਾਂ ਦਾ ਭਾਰ ਖਿੱਚਦਾ ਮਜ਼ਦੂਰ ਵੀ ਵਿਖਾਵੇ ਦੇ ਚਾਅ ਤੋਂ ਅੱਗੇ ਨਹੀਂ ਸੀ ਵਧਦਾ, ਖੇਤਾਂ ਵਿੱਚ ਬਲਦਾਂ ਨਾਲ ਹਲ਼ ਵਾਹੁੰਦਾ ਕਿਸਾਨ ਵੀ ਗਣੰਤਤਰ ਦਿਵਸ ਬਾਰੇ ਖਿੜ ਕੇ ਗੱਲ ਨਹੀਂ ਸੀ ਕਰਦਾ ਹੁੰਦਾ, ਪਰ ਨਿਰਾਸ਼ਾ ਪ੍ਰ੍ਰਗਟ ਕੋਈ ਨਹੀਂ ਸੀ ਕਰਦਾ। ਇਸ ਸਾਲ ਗਣਤੰਤਰ ਦਿਵਸ ਜਦੋਂ ਆਉਣਾ ਸੀ, ਭਾਰਤ ਵਿੱਚ ਕਿਸਾਨਾਂ ਦਾ ਆਪਣੇ ਹੱਕਾਂ ਵਾਸਤੇ ਸੰਘਰਸ਼ ਚੱਲਦਾ ਹੋਣ ਕਾਰਨ ਹਰ ਕਿਸੇ ਦਾ ਧਿਆਨ ਇਸੇ ਵੱਲ ਲੱਗਾ ਪਿਆ ਸੀ ਅਤੇ ਬਾਈ ਜਨਵਰੀ ਨੂੰ ਸਰਕਾਰ ਅਤੇ ਕਿਸਾਨ ਆਗੂਆਂ ਦੀ ਮੀਟਿੰਗ ਤੋਂ ਆਸ ਸੀ ਕਿ ਉਹ ਕੁਝ ਇਹੋ ਜਿਹਾ ਰਸਤਾ ਕੱਢੇਗੀ ਕਿ ਦੇਸ਼ ਵਿੱਚ ਖੁਸ਼ੀਆਂ ਦਾ ਬੁੱਲਾ ਆ ਸਕੇ। ਏਦਾਂ ਦਾ ਕੁਝ ਹੋਣ ਦੀ ਬਜਾਏ ਮੀਟਿੰਗਾਂ ਦੇ ਆਸਰੇ ਜਿਹੜੀ ਆਸ ਦੀ ਕਿਰਨ ਅਜੇ ਤੱਕ ਬਚੀ ਹੋਈ ਸੀ, ਉਹ ਵੀ ਇਸ ਦਿਨ ਟੁੱਟ ਗਈ।
ਇਸ ਮਾਮਲੇ ਵਿੱਚ ਜਿਹੜੀਆਂ ਗੱਲਾਂ ਨੋਟ ਕਰਨ ਵਾਲੀਆਂ ਹਨ, ਉਨ੍ਹਾਂ ਵਿੱਚੋਂ ਇੱਕ ਇਹ ਹੈ ਕਿ ਜਦੋਂ ਭਾਰਤ ਦੇਸ਼ ਕੋਰੋਨਾ ਵਾਇਰਸ ਦਾ ਟਾਕਰਾ ਕਰਨ ਵਿੱਚ ਉਲਝਿਆ ਹੋਇਆ ਸੀ, ਮੌਤਾਂ ਦੀ ਗਿਣਤੀ ਲਗਾਤਾਰ ਵਧੀ ਜਾਂਦੀ ਸੀ, ਕੇਂਦਰ ਦੀ ਸਰਕਾਰ ਨੂੰ ਨਵੇਂ ਖੇਤੀ ਕਾਨੂੰਨ ਬਣਾਉਣ ਲਈ ਇਹੋ ਮੌਕਾ ਠੀਕ ਕਿਉਂ ਲੱਗਾ? ਆਮ ਪ੍ਰਭਾਵ ਇਹੀ ਹੈ ਕਿ ਸਰਕਾਰ ਦਾ ਖਿਆਲ ਸੀ ਕਿ ਕੋਰੋਨਾ ਵਾਇਰਸ ਦੇ ਖਤਰੇ ਕਾਰਨ ਕਿਸਾਨ ਬਹੁਤ ਵੱਡੀ ਗਿਣਤੀ ਵਿੱਚ ਇਕੱਠ ਕਰਨ ਤੋਂ ਝਿਜਕਦੇ ਰਹਿਣਗੇ ਅਤੇ ਰੌਲੇ-ਰੱਪੇ ਵਿੱਚ ਇਹ ਕਾਨੂੰਨ ਲਾਗੂ ਹੋ ਜਾਣਗੇ। ਉਂਜ ਇਹ ਕਾਨੂੰਨ ਰੌਲੇ-ਰੱਪੇ ਵਿੱਚ ਲਾਗੂ ਕਰਨ ਦੀ ਗੱਲ ਹੀ ਨਹੀਂ, ਪਾਰਲੀਮੈਂਟ ਵਿੱਚ ਪਾਸ ਵੀ ਬਹਿਸ ਕਰਵਾਏ ਜਾਂ ਵੋਟਾਂ ਪਵਾਏ ਤੋਂ ਬਿਨਾਂ ਕਰਾਏ ਸਨ। ਵਿਰੋਧੀ ਧਿਰ ਦੀ ਗੱਲ ਸੁਣਨ ਦੀ ਥਾਂ ਜਿਸ ਦੇਸ਼ ਦੀ ਪਾਰਲੀਮੈਂਟ ਵਿੱਚ ਹੰਗਾਮੇ ਦੌਰਾਨ ਇਸ ਤਰ੍ਹਾਂ ਦੇ ਅਹਿਮ ਬਿੱਲ ਆਵਾਜ਼ ਦੀ ਵੋਟ ਦਾ ਸਾਂਗ ਰਚ ਕੇ ਪਾਸ ਕਰਵਾਏ ਜਾਣ, ਉਸ ਦਾ ਅਕਸ ਕਿਸੇ ਗਣਤੰਤਰੀ ਦੇਸ਼ ਵਿੱਚ ਜਿੱਦਾਂ ਦੀ ਪਾਰਲੀਮੈਂਟ ਚਾਹੀਦੀ ਹੈ, ਓਦਾਂ ਦਾ ਨਹੀਂ ਬਣ ਸਕਦਾ। ਦੂਸਰੀ ਗੱਲ ਇਹ ਕਿ ਕਰੋੜਾਂ ਕਿਸਾਨ ਜਿਸ ਹਾਲਤ ਵਿੱਚ ਰਾਤ-ਦਿਨ ਮਿੱਟੀ ਨਾਲ ਮਿੱਟੀ ਹੁੰਦੇ ਅਤੇ ਇੱਕ ਸੌ ਚਾਲੀ ਕਰੋੜ ਲੋਕਾਂ ਦਾ ਪੇਟ ਪਾਲਦੇ ਹਨ, ਉਨ੍ਹਾਂ ਨੂੰ ਅੱਖੋਂ ਪਰੋਖੇ ਕਰ ਕੇ ਸਿਰਫ ਦੋ ਵੱਡੇ ਪੂੰਜੀਪਤੀ ਘਰਾਣਿਆਂ ਨਾਲ ਸਾਂਝ ਪੁਗਾਉਣ ਵਿੱਚ ਜਿਵੇਂ ਇਸ ਦੇਸ਼ ਦੇ ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਲੋਕਾਂ ਦੇ ਖਿਲਾਫ ਡੰਡਾ ਚੁੱਕਣ ਤੁਰ ਪਈ ਹੈ, ਉਹ ਵਿਹਾਰ ਵੀ ਲੋਕਤੰਤਰੀ ਨਹੀਂ ਕਿਹਾ ਜਾ ਸਕਦਾ। ਸਰਕਾਰ ਦੀ ਤੀਸਰੀ ਗਲਤੀ ਇਹ ਸੀ ਕਿ ਜਦੋਂ ਮੁੱਢਲੇ ਪੜਾਅ ਉੱਤੇ ਇਨ੍ਹਾਂ ਤਿੰਨ ਖੇਤੀ ਕਾਨੂੰਨਾਂ ਨੂੰ ਕੁਝ ਸਮਾਂ ਸਸਪੈਂਡ ਕਰਨ ਦਾ ਐਲਾਨ ਕਰ ਕੇ ਕਿਸਾਨਾਂ ਨਾਲ ਗੱਲ ਚਲਾਈ ਜਾ ਸਕਦੀ ਸੀ, ਓਦੋਂ ਇਹ ਕੰਮ ਕੀਤਾ ਨਹੀਂ ਅਤੇ ਜਦੋਂ ਲੜਾਈ ਬੜੇ ਨਾਜ਼ਕ ਮੋੜ ਤੱਕ ਪੁੱਜ ਗਈ, ਓਦੋਂ ਇਨ੍ਹਾਂ ਕਾਨੂੰਨਾਂ ਨੂੰ ਸਸਪੈਂਡ ਕਰਨ ਦੀ ਗੱਲ ਚਲਾਈ ਗਈ ਹੈ। ਇਸ ਤੋਂ ਸਾਫ ਹੈ ਕਿ ਸਰਕਾਰ ਆਪਣੇ ਹੱਠੀ ਵਿਹਾਰ ਦੇ ਨਾਲ ਹਰ ਮੋੜ ਉੱਤੇ ਗਲਤੀਆਂ ਕਰਦੀ ਗਈ ਤੇ ਗਣਤੰਤਰ ਦਿਵਸ ਤੱਕ ਦੇਸ਼ ਨੂੰ ਜਿੱਲ੍ਹਣ ਵਿੱਚ ਫਸਾਉਣ ਦਾ ਕਾਰਨ ਖੁਦ ਬਣੀ ਹੈ।
ਗਲਤੀਆਂ ਸਰਕਾਰ ਦੀਆਂ ਸਨ, ਨਿਸ਼ਾਨਾ ਫਿਰ ਕਿਸਾਨਾਂ ਨੂੰ ਬਣਾਇਆ ਗਿਆ ਤੇ ਸਾਰੇ ਦੇਸ਼ ਵਿੱਚ ਉਨ੍ਹਾਂ ਖਿਲਾਫ ਪ੍ਰਚਾਰ ਦੀ ਮੁਹਿੰਮ ਚਲਾਈ ਗਈ। ਕੇਂਦਰ ਸਰਕਾਰ ਦੇ ਇੱਕ ਮੰਤਰੀ ਨੇ ਦੋਸ਼ ਲਾਇਆ ਕਿ ਕਿਸਾਨਾਂ ਨੂੰ ਪਾਕਿਸਤਾਨ ਵੱਲੋਂ ਫੰਡਿੰਗ ਕੀਤੀ ਜਾਂਦੀ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਕਹਿ ਦਿੱਤਾ ਕਿ ਅਸੀਂ ਰਾਮ ਮੰਦਰ ਬਣਾਉਣ ਲੱਗੇ ਹਾਂ, ਜਿਨ੍ਹਾਂ ਨੂੰ ਇਹ ਬਰਦਾਸ਼ਤ ਨਹੀਂ ਹੁੰਦਾ, ਉਹ ਲੋਕ ਖੇਤੀਬਾੜੀ ਕਾਨੂੰਨਾਂ ਦੇ ਬਹਾਨੇ ਸੰਘਰਸ਼ ਕਰਦੇ ਪਏ ਹਨ। ਭਾਰਤ ਦੇਸ਼ ਦੀ ਆਬਾਦੀ ਵਿੱਚ ਜਿਸ ਤਰ੍ਹਾਂ ਅੱਸੀ ਫੀਸਦੀ ਹਿੰਦੂ ਹਨ, ਓਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਕਿਸਾਨਾਂ ਵਿੱਚ ਕਰੀਬ ਅੱਸੀ ਫੀਸਦੀ ਹਿੰਦੂ ਹਨ, ਉਹ ਰਾਮ ਮੰਦਰ ਦਾ ਵਿਰੋਧ ਕਰਦੇ ਹਨ, ਇਹ ਗੱਲ ਹੋਸ਼ ਵਾਲਾ ਕੋਈ ਬੰਦਾ ਨਹੀਂ ਮੰਨੇਗਾ। ਫਿਰ ਰਾਜਸਥਾਨ ਤੋਂ ਭਾਜਪਾ ਦੀ ਇੱਕ ਪਾਰਲੀਮੈਂਟ ਮੈਂਬਰ ਬੀਬੀ ਨੇ ਇਹ ਗੱਲ ਕਹਿ ਦਿੱਤੀ ਕਿ ਦਿੱਲੀ ਦੇ ਬਾਹਰ ਖਾਲਿਸਤਾਨ ਦੀ ਮੰਗ ਕਰਨ ਵਾਲੇ ਲੋਕ ਏ ਕੇ-ਸੰਤਾਲੀ ਰਾੲਫਲਾਂ ਲੈ ਕੇ ਆ ਬੈਠੇ ਹਨ। ਇਸ ਨਾਲੋਂ ਘਟੀਆ ਤੁਹਮਤ ਹੋਰ ਕੋਈ ਨਹੀਂ ਲਾਈ ਜਾ ਸਕਦੀ। ਕਿਸੇ ਇੱਕ ਵੀ ਵਿਅਕਤੀ ਦੇ ਕੋਲ ਓਥੇ ਰਾਈਫਲ ਨਹੀਂ ਸੀ। ਏਦਾਂ ਦੀਆਂ ਤੁਹਮਤਾਂ ਭਾਜਪਾ ਨਾਲ ਜੁੜੇ ਹੋਏ ਕਈ ਹੋਰ ਲੀਡਰਾਂ ਨੇ ਵੀ ਬਿਨਾਂ ਸੋਚੇ ਲਾਈਆਂ ਅਤੇ ਹਾਲਾਤ ਨੂੰ ਭੜਕਾਉਣ ਦਾ ਯਤਨ ਕੀਤਾ ਹੈ।
ਕੇਂਦਰ ਸਰਕਾਰ ਚਲਾ ਰਹੀ ਪਾਰਟੀ ਦੇ ਪਿਛਲੱਗਾਂ ਦਾ ਇਸ ਪ੍ਰਚਾਰ ਮੋਰਚੇ ਦਾ ਇੱਕ ਕੋਝਾ ਰੰਗ ਹੋਰ ਵੀ ਹੈ। ਜਦੋਂ ਇਹ ਵੇਖਿਆ ਕਿ ਪੰਜਾਬ ਤੋਂ ਸ਼ੁਰੂ ਹੋਏ ਸੰਘਰਸ਼ ਵਿੱਚ ਹਰਿਆਣੇ ਤੇ ਉੱਤਰ ਪ੍ਰਦੇਸ਼ ਦੇ ਕਿਸਾਨ ਵੀ ਆਣ ਪੁੱਜੇ ਤੇ ਫਿਰ ਰਾਜਸਥਾਨ, ਉੱਤਰਾ ਖੰਡ, ਮੱਧ ਪ੍ਰਦੇਸ਼ ਤੋਂ ਬਾਅਦ ਗੁਜਰਾਤ ਤੇ ਮਹਾਰਾਸ਼ਟਰ ਵਾਲੇ ਕਿਸਾਨ ਵੀ ਇਨ੍ਹਾਂ ਨਾਲ ਜੁੜਨ ਲੱਗੇ ਹਨ ਤਾਂ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਦੇ ਖਿਲਾਫ ਨਵਾਂ ਪ੍ਰਚਾਰ ਮੋਰਚਾ ਸ਼ੁਰੂ ਕਰ ਦਿੱਤਾ ਗਿਆ। ਮੱਧ ਪ੍ਰਦੇਸ਼ ਦਾ ਇੱਕ ਭਾਜਪਾ ਨੇਤਾ ਓਥੇ ਇਕੱਠੇ ਕੀਤੇ ਕਿਸਾਨਾਂ ਨੂੰ ਇਹ ਕਹਿਣ ਲੱਗ ਪਿਆ ਕਿ ਪੰਜਾਬ ਤੇ ਹਰਿਆਣੇ ਦੇ ਕਿਸਾਨ ਬਾਕੀ ਦੇਸ਼ ਤੋਂ ਖੁਸ਼ਹਾਲ ਹੋ ਜਾਣ ਪਿੱਛੋਂ ਇਸ ਲਈ ਭੜਕਦੇ ਪਏ ਹਨ ਕਿ ਅਸੀਂ ਉਨ੍ਹਾਂ ਵੱਲੋਂ ਕੁਝ ਧਿਆਨ ਹਟਾ ਕੇ ਦੇਸ਼ ਦੇ ਬਾਕੀ ਰਾਜਾਂ ਦੇ ਕਿਸਾਨਾਂ ਵੱਲ ਲਾਉਣਾ ਹੈ। ਮਿਸਾਲ ਉਸ ਨੇ ਇਹ ਦਿੱਤੀ ਕਿ ਪੰਜਾਬ ਤੇ ਹਰਿਆਣੇ ਵਿੱਚ ਫਸਲ ਖਰੀਦਣ ਲਈ ਘੱਟੋ-ਘੱਟ ਖਰੀਦ ਕੀਮਤ, ਐੱਮ ਐੱਸ ਪੀ, ਲਾਗੂ ਹੋਣ ਕਾਰਨ ਓਥੇ ਝੋਨਾ ਅਠਾਰਾਂ ਸੌ ਰੁਪਏ ਕੁਇੰਟਲ ਤੋਂ ਵੱਧ ਵਿਕਦਾ ਹੈ ਤੇ ਸਾਡੇ ਮੱਧ ਪ੍ਰਦੇਸ਼ ਵਿੱਚ ਕੋਈ ਛੇ ਸੌ ਰੁਪਏ ਨੂੰ ਨਹੀਂ ਚੁੱਕਦਾ। ਉਸ ਦੀ ਗੱਲ ਬਿਲਕੁਲ ਠੀਕ ਹੈ, ਪਰ ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਭਾਜਪਾ ਦੀਆਂ ਲਗਾਤਾਰ ਚਾਰ ਸਰਕਾਰਾਂ ਰਹਿਣ ਮਗਰੋਂ ਵੀ ਜੇ ਉਨ੍ਹਾਂ ਦਾ ਹੱਕ ਨਹੀਂ ਮਿਲਦਾ ਪਿਆ ਤਾਂ ਪੰਜਾਬ ਅਤੇ ਹਰਿਆਣੇ ਦੇ ਕਿਸਾਨਾਂ ਦਾ ਕਸੂਰ ਨਹੀਂ, ਮੱਧ ਪ੍ਰਦੇਸ਼ ਦੀਆਂ ਭਾਜਪਾ ਸਰਕਾਰਾਂ ਚਲਾਉਣ ਵਾਲੇ ਆਗੂਆਂ ਦਾ ਕਸੂਰ ਹੈ। ਅਸੀਂ ਚਾਹਾਂਗੇ ਕਿ ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਵੀ ਪੂਰਾ ਹੱਕ ਦਿੱਤਾ ਜਾਵੇ, ਪਰ ਇਹ ਹੱਕ ਦੇਣ ਲਈ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਦਾ ਵਿਰੋਧ ਕਰਨ ਦੀ ਲੋੜ ਨਹੀਂ, ਸਗੋਂ ਇਨ੍ਹਾਂ ਨੂੰ ਮਿਸਾਲ ਬਣਾ ਕੇ ਓਥੋਂ ਵਾਲੇ ਕਿਸਾਨਾਂ ਲਈ ਕੰਮ ਕਰਨ ਦੀ ਲੋੜ ਹੈ। ਆਪਣੀ ਨਾਕਾਮੀ ਲੁਕਾਉਣ ਲਈ ਪੰਜਾਬ ਅਤੇ ਹਰਿਆਣੇ ਦੇ ਕਿਸਾਨਾਂ ਦਾ ਵਿਰੋਧ ਕਰਨ ਵਾਸਤੇ ਹੋਰ ਰਾਜਾਂ ਦੇ ਲੋਕਾਂ ਨੂੰ ਉਕਸਾਇਆ ਜਾਂਦਾ ਹੈ। ਗਣਤੰਤਰ ਲੋਕਾਂ ਨੂੰ ਇੱਕ ਦੂਸਰੇ ਦੇ ਗੁਣਾਂ ਤੋਂ ਸਿੱਖ ਕੇ ਅੱਗੇ ਵਧਣ ਦੇ ਮੋਕੇ ਦੇਣ ਵਾਲਾ ਹੋਣਾ ਚਾਹੀਦਾ ਹੈ, ਲੋਕਾਂ ਦੇ ਸਿਰ ਭਿੜਾਉਣ ਵਾਲਾ ਨਹੀਂ। ਭਾਰਤ ਦੇ ਗਣਤੰਤਰ ਦਾ ਰੰਗ ਹੀ ਵੱਖਰਾ ਹੈ।
ਆਜ਼ਾਦੀ ਲਹਿਰ ਵਿੱਚੋਂ ਨਿਕਲੇ ਉਸ ਵਕਤ ਦੇ ਜਿਹੜੇ ਲੀਡਰਾਂ ਨੇ ਭਾਰਤ ਨੂੰ ਗਣਤੰਤਰ ਬਣਾਉਣ ਦੇ ਲਈ ਇੱਕ ਸੰਵਿਧਾਨ ਪ੍ਰਵਾਨ ਕੀਤਾ ਸੀ, ਇਸ ਦੇ ਕੁਝ ਅਸੂਲ ਮਿਥੇ ਅਤੇ ਨਾਗਰਿਕਾਂ ਲਈ ਕੁਝ ਮੁੱਢਲੇ ਫਰਜ਼ ਤੇ ਮੁੱਢਲੇ ਅਧਿਕਾਰ ਪ੍ਰਵਾਨ ਕੀਤੇ ਸਨ, ਉਨ੍ਹਾਂ ਕਦੇ ਇਹ ਨਹੀਂ ਸੋਚਿਆ ਹੋਣਾ ਕਿ ਗਣਤੰਤਰ ਲੀਹੋਂ ਵੀ ਲੱਥ ਸਕਦਾ ਹੈ। ਇਹ ਭਾਰਤ ਦੇਸ਼ ਦੇ ਗਣਤੰਤਰ, ਤੇ ਇਸ ਦੇ ਲੋਕਾਂ, ਦੀ ਬਦਕਿਸਮਤੀ ਹੈ ਕਿ ਗਣਤੰਤਰ ਮਿਥੀ ਹੋਈ ਲੀਹ ਉੱਤੇ ਚੱਲਣ ਦੀ ਥਾਂ ਕੁਰਾਹੇ ਪੈਂਦਾ ਜਾ ਰਿਹਾ ਹੈ। ਸਿਰਫ ਦੋ ਘਰਾਣਿਆਂ ਖਾਤਰ ਪੂਰਾ ਦੇਸ਼ ਸੁੱਕਣੇ ਪਾਇਆ ਪਿਆ ਹੈ। ਗਣਤੰਤਰ ਤਾਂ ਏਦਾਂ ਦੀ ਮਿਸਾਲ ਹੋਣਾ ਚਾਹੀਦਾ ਹੈ, ਜਿਸ ਉੱਤੇ ਹੋਰ ਦੇਸ਼ ਵੀ ਚੱਲਣ, ਪਰ ਭਾਰਤ ਆਪਣੇ ਆਪ ਵਿੱਚ ਹੀ ਏਨਾ ‘ਬਿਮਸਾਲ’ ਰਸਤਾ ਫੜੀ ਜਾਂਦਾ ਹੈ, ਜਿਸ ਵਿੱਚ ਕੋਈ ਇਹ ਵੀ ਦਾਅਵੇ ਨਾਲ ਕਹਿਣ ਵਾਲਾ ਨਹੀਂ ਮਿਲਦਾ ਕਿ ਭਲਕ ਨੂੰ ਭਾਰਤ ਫਲਾਣੇ ਥਾਂ ਪੁੱਜੇਗਾ, ਸਗੋਂ ਹਰ ਗੱਲ ਵਿੱਚ ਬੇਵਿਸ਼ਵਾਸੀ ਝਲਕਣ ਲੱਗ ਪਈ ਹੈ। ਵਿਚਾਰਗੀ ਦਾ ਨਾਂਅ ਹੀ ਗਣਤੰਤਰ ਜਾਪਣ ਲੱਗ ਪਿਆ ਹੈ।

Continue Reading

ਲੇਖ

ਨਿਆਂ ਪਾਲਿਕਾ ਦੇ ਅਕਸ ਨੂੰ ਖੋਰਾ ਨਹੀਂ ਲੱਗਣਾ ਚਾਹੀਦਾ, ਪਰ… -ਜਤਿੰਦਰ ਪਨੂੰ

Published

on

article

ਸਾਰਾ ਭਾਰਤ ਦੇਸ਼ ਜਦੋਂ ਇਹ ਕਹਿ ਰਿਹਾ ਹੈ ਕਿ ਸਾਨੂੰ ਦੇਸ਼ ਦੀ ਨਿਆਂ ਪਾਲਿਕਾ ਉੱਤੇ ਪੂਰਾ ਭਰੋਸਾ ਹੈ ਤਾਂ ਸਾਡੇ ਵਰਗਾ ਇੱਕ ਬੰਦਾ ਇਹ ਗੱਲ ਕਹੇ ਜਾਂ ਨਾ ਕਹੇ, ਇਸ ਨਾਲ ਕੋਈ ਖਾਸ ਫਰਕ ਨਹੀਂ ਪੈਂਦਾ। ਅਸੀਂ ਇਹ ਬੜੀ ਵਾਰ ਸੁਣ ਚੁੱਕੇ ਹਾਂ ਕਿ ਹਾਥੀ ਦੇ ਦੰਦ ਖਾਣ ਦੇ ਹੋਰ ਅਤੇ ਵਿਖਾਉਣ ਦੇ ਹੋਰ ਹੋਇਆ ਕਰਦੇ ਹਨ। ਭਾਰਤ ਦੀ ਨਿਆਂ ਪਾਲਿਕਾ ਵਾਸਤੇ ਪੂਰਨ ਭਰੋਸੇ ਦੀਆਂ ਗੱਲਾਂ ਕਹਿਣ ਵਾਲੇ ਸਿਆਸੀ ਆਗੂਆਂ ਬਾਰੇ ਵੀ ਅਸੀਂ ਇਹੋ ਗੱਲ ਕਹਿ ਸਕਦੇ ਹਾਂ, ਜਿਹੜੇ ਭਰੋਸਾ ਵੀ ਪ੍ਰਗਟ ਕਰਦੇ ਹਨ ਅਤੇ ਮੌਕਾ ਮਿਲੇ ਤਾਂ ਇਸ ਨੂੰ ਆਪਣੀਆਂ ਖਾਹਿਸ਼ਾਂ ਲਈ ਵਰਤਣ ਵਿੱਚ ਕਿਸੇ ਵੀ ਹੱਦ ਨੂੰ ਉਲੰਘ ਸਕਦੇ ਹਨ। ਗੱਲ ਨਿਰੀ ਏਥੋਂ ਤੱਕ ਸੀਮਤ ਨਹੀਂ, ਸਾਡੇ ਕੋਲ ਏਦਾਂ ਦੀਆਂ ਕਈ ਮਿਸਾਲਾਂ ਵੀ ਹਨ, ਜਿੱਥੇ ਪੂੰਜੀਪਤੀਆਂ ਦੇ ਹਿੱਤਾਂ ਵਾਸਤੇ ਜਾਂ ਖੁਦ ਆਪਣੀਆਂ ਜੇਬਾਂ ਭਰਨ ਵਾਸਤੇ ਨਿਆਂ ਪਾਲਿਕਾ ਨਾਲ ਜੁੜੇ ਹੋਏ ਲੋਕਾਂ ਨੇ ਹੱਦਾਂ ਉਲੰਘਣ ਦੀ ਉਹ ਗਲਤੀ ਕੀਤੀ ਸੀ, ਜਿਹੜੀ ਉਨ੍ਹਾਂ ਦੇ ਅਕਸ ਲਈ ਵੀ ਅਤੇ ਨਿਆਂ ਪਾਲਿਕਾ ਲਈ ਵੀ ਮਾੜੀ ਸਾਬਤ ਹੋਈ ਸੀ।
ਇਹ ਕਿੱਸਾ ਅਸੀਂ ਇਸ ਵੇਲੇ ਇਸ ਲਈ ਛੋਹਿਆ ਹੈ ਕਿ ਗਿਆਰਾਂ ਤੇ ਬਾਰਾਂ ਜਨਵਰੀ ਨੂੰ ਸੁਪਰੀਮ ਕੋਰਟ ਵਿੱਚ ਜਿਵੇਂ ਸੁਣਵਾਈ ਹੋਈ ਅਤੇ ਜੋ ਕੁਝ ਸਾਹਮਣੇ ਆਇਆ, ਉਸ ਨਾਲ ਬਹੁਤ ਸਾਰੇ ਲੋਕਾਂ ਦੇ ਮਨਾਂ ਨੂੰ ਧੱਕਾ ਲੱਗਾ ਹੈ। ਇਸ ਸੁਣਵਾਈ ਦੇ ਪਹਿਲੇ ਦਿਨ ਜੱਜ ਸਾਹਿਬਾਨ ਨੇ ਸਰਕਾਰ ਨੂੰ ਏਨੀਆਂ ਝਾੜਾਂ ਅਤੇ ਫਿਟਕਾਰਾਂ ਪਾਈਆਂ ਕਿ ਸਰਕਾਰੀ ਧਿਰ ਦੇ ਵਕੀਲਾਂ ਨੂੰ ਪਸੀਨਾ ਆਈ ਜਾਂਦਾ ਸੀ ਤੇ ਅਗਲੇ ਦਿਨ ਇਸ ਤੋਂ ਉਲਟ ਅਦਾਲਤ ਨੇ ਕਿਸਾਨੀ ਮਸਲਿਆਂ ਦੇ ਹੱਲ ਲਈ ਏਦਾਂ ਦੀ ਚਾਰ ਮੈਂਬਰੀ ਕਮੇਟੀ ਬਣਾ ਦਿੱਤੀ, ਜਿਸ ਵਿੱਚ ਚਾਰੇ ਜਣੇ ਸਰਕਾਰ ਦੇ ਤਰਫਦਾਰ ਸਨ। ਕੋਈ ਜਣਾ ਅਜੇ ਕੁਝ ਦਿਨ ਪਹਿਲਾਂ ਪੁਆੜੇ ਦੀ ਜੜ੍ਹ ਬਣੇ ਖੇਤੀਬਾੜੀ ਕਾਨੂੰਨਾਂ ਦੀ ਹਮਾਇਤ ਵਿੱਚ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਖੁਦ ਲੋਕਾਂ ਵਿੱਚ ਬੁਰਾ ਬਣ ਚੁੱਕਾ ਸੀ, ਕੋਈ ਇਨ੍ਹਾਂ ਕਾਨੂੰਨਾਂ ਦੇ ਪੱਖ ਵਿੱਚ ਅਖਬਾਰਾਂ ਵਿੱਚ ਲੇਖ ਲਿਖ ਚੁੱਕਾ ਸੀ ਅਤੇ ਇਕ ਜਣਾ ਤਾਂ ਕਾਨੂੰਨ ਬਣਾਉਣ ਵਿੱਚ ਵੀ ਕਿਸੇ ਤਰ੍ਹਾਂ ਸ਼ਾਮਲ ਹੋ ਚੁੱਕਾ ਸੀ। ਉਨ੍ਹਾਂ ਦੀ ਕਮੇਟੀ ਨੂੰ ਕਿਸਾਨ ਮੰਨ ਹੀ ਨਹੀਂ ਸੀ ਸਕਦੇ।
ਅਸੀਂ ਇਹ ਮੁੱਦਾ ਏਥੇ ਛੱਡ ਸਕਦੇ ਹਾਂ ਅਤੇ ਇਹੋ ਜਿਹੀ ਕੋਈ ਗੱਲ ਨਹੀਂ ਕਹਿਣਾ ਚਾਹੁੰਦੇ ਕਿ ਜੱਜ ਸਾਹਿਬਾਨ ਨੇ ਇਹ ਕਮੇਟੀ ਕਿਸ ਦੇ ਕਹਿਣ ਉੱਤੇ ਬਣਾਈ ਹੈ, ਪਰ ਲੋਕਾਂ ਵਿੱਚ ਇਸ ਨਾਲ ਪ੍ਰਭਾਵ ਚੰਗਾ ਨਹੀਂ ਪੈ ਸਕਿਆ। ਅੱਗੋਂ ਜੱਜ ਸਾਹਿਬਾਨ ਨੇ ਇਸ ਬਾਰੇ ਕੀ ਕਾਰਵਾਈ ਕਰਨੀ ਹੈ, ਕਿਸ ਮਸਲੇ ਨੂੰ ਕਿੱਦਾਂ ਨਿਪਟਾਉਣਾ ਹੈ, ਉਸ ਦੀ ਗੱਲ ਓਦੋਂ ਵਿਚਾਰੀ ਜਾਵੇਗੀ, ਹਾਲ ਦੀ ਘੜੀ ਸਭ ਦਾ ਧਿਆਨ ਸਰਕਾਰ ਅਤੇ ਕਿਸਾਨਾਂ ਵਿਚਾਲੇ ਸੰਘਰਸ਼ ਵੱਲ ਹੈ।
ਉਂਜ ਨਿਆਂ ਪਾਲਿਕਾ ਦਾ ਅਕਸ ਜਿਸ ਤਰ੍ਹਾਂ ਕਿਸੇ ਕਿੰਤੂ ਤੋਂ ਉੱਪਰ ਹੋਣਾ ਚਾਹੀਦਾ ਹੈ, ਭਾਰਤ ਵਿੱਚ ਸਥਿਤੀ ਓਨੇ ਸਪੱਸ਼ਟ ਅਕਸ ਵਾਲੀ ਬੀਤੇ ਸਾਲਾਂ ਵਿੱਚ ਨਹੀਂ ਰਹੀ। ਏਥੇ ਕਈ ਕੇਸ ਇਸ ਤਰ੍ਹਾਂ ਦੇ ਵਾਪਰਦੇ ਰਹੇ ਹਨ, ਜਦੋਂ ਕਿਸੇ ਜੱਜ ਉੱਤੇ, ਅਤੇ ਉਹ ਵੀ ਹੇਠਲੇ ਪੱਧਰ ਦੇ ਨਹੀਂ, ਸਿਖਰਲੀ ਅਦਾਲਤ ਦੇ ਜੱਜਾਂ ਉੱਤੇ ਦੋਸ਼ ਲੱਗੇ ਅਤੇ ਪਾਰਲੀਮੈਂਟ ਵਿੱਚ ਉਨ੍ਹਾਂ ਵਿਰੁੱਧ ਮਹਾਂਦੋਸ਼ ਮਤਾ ਪੇਸ਼ ਹੋਣ ਤੱਕ ਗੱਲ ਗਈ ਸੀ। ਜਸਟਿਸ ਰਾਮਾਸਵਾਮੀ ਸੁਪਰੀਮ ਕੋਰਟ ਦਾ ਜੱਜ ਹੁੰਦਾ ਸੀ, ਜਦੋਂ ਉਸ ਦੇ ਵਿਰੁੱਧ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਨੇ ਗੱਲ ਚੁੱਕੀ ਤੇ ਓਸੇ ਦਿਨ ਚੀਫ ਜਸਟਿਸ ਨੇ ਇੱਕ ਬਿਆਨ ਜਾਰੀ ਕਰ ਕੇ ਆਪਣੇ ਸਾਥੀ ਜਸਟਿਸ ਰਾਮਾਸਵਾਮੀ ਨੂੰ ਅਦਾਲਤੀ ਕੰਮ ਤੋਂ ਪਰੇ ਰਹਿਣ ਨੂੰ ਕਹਿ ਦਿੱਤਾ ਸੀ ਤੇ ਫਿਰ ਇਹ ਕੇਸ ਲੋਕ ਸਭਾ ਵਿੱਚ ਮਹਾਂਦੋਸ਼ ਦੀ ਕਾਰਵਾਈ ਲਈ ਗਿਆ ਸੀ। ਓਥੇ ਜਾ ਕੇ ਰਾਮਾਸਵਾਮੀ ਇਸ ਲਈ ਬਚਣ ਵਿੱਚ ਸਫਲ ਹੋ ਗਿਆ ਕਿ ਭ੍ਰਿਸ਼ਟਾਚਾਰ ਦਾ ਭੜੋਲਾ ਗਿਣੇ ਜਾਂਦੇ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਤੱਕ ਪਹੁੰਚ ਕਰ ਕੇ ਉਸ ਨੇ ਕਾਂਗਰਸੀ ਮੈਂਬਰਾਂ ਨੂੰ ਵੋਟਾਂ ਨਾ ਪਾਉਣ ਨੂੰ ਮਨਾ ਲਿਆ ਸੀ। ਕੋਲਕਾਤਾ ਹਾਈ ਕੋਰਟ ਦੇ ਜੱਜ ਸੌਮਿਤਰਾ ਸੇਨ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਨੰਗੇ-ਚਿੱਟੇ ਦੋਸ਼ਾਂ ਪਿੱਛੋਂ ਪਾਰਲੀਮੈਂਟ ਦੇ ਉੱਪਰਲੇ ਹਾਊਸ ਰਾਜ ਸਭਾ ਦੇ ਅਠਵੰਜਾ ਮੈਂਬਰਾਂ ਨੇ ਮਹਾਂਦੋਸ਼ ਦਾ ਮਤਾ ਜਦੋਂ ਪੇਸ਼ ਕੀਤਾ ਤਾਂ ਇਸ ਉੱਤੇ ਬਹਿਸ ਪਿੱਛੋਂ 189 ਮੈਂਬਰਾਂ ਨੇ ਮਤੇ ਦੇ ਹੱਕ ਵਿੱਚ ਤੇ ਸਿਰਫ 17 ਨੇ ਜਸਟਿਸ ਸੌਮਿਤਰਾ ਸੇਨ ਨੂੰ ਬਚਾਉਣ ਵਾਸਤੇ ਵੋਟ ਪਾਈ ਸੀ। ਉਸ ਦੇ ਬਾਅਦ ਇਹ ਮਤਾ ਲੋਕ ਸਭਾ ਵਿੱਚ ਜਾਣਾ ਸੀ, ਪਰ ਕਾਰਵਾਈ ਅੱਗੇ ਵਧਣ ਅਤੇ ਲੋਕਾਂ ਵਿੱਚ ਹੋਰ ਖੇਹ ਉਡਾਉਣ ਤੋਂ ਪਹਿਲਾਂ ਜਸਟਿਸ ਸੌਮਿਤਰਾ ਸੇਨ ਅਸਤੀਫਾ ਦੇ ਕੇ ਆਪਣੇ ਘਰ ਨੂੰ ਤੁਰ ਗਿਆ ਸੀ। ਫਿਰ ਵੀ ਇਹ ਕੇਸ ਭ੍ਰਿਸ਼ਟਾਚਾਰ ਦੇ ਸਨ, ਸਿੱਧੇ ਪੱਖਪਾਤ ਦਾ ਕਿਸੇ ਤਰ੍ਹਾਂ ਦਾ ਦੋਸ਼ ਨਹੀਂ ਸੀ ਲੱਗਾ।
ਇਹੋ ਜਿਹਾ ਦੋਸ਼ ਇੱਕ ਜੱਜ ਜਸਟਿਸ ਏ ਐੱਚ ਅਹਿਮਦੀ ਉੱਤੇ ਲੱਗਾ ਸੀ, ਜਿਨ੍ਹਾਂ ਨੇ ਭੋਪਾਲ ਗੈਸ ਕਾਂਡ ਦਾ ਕੇਸ ਸੁਣਦੇ ਸਮੇਂ ਹਜ਼ਾਰਾਂ ਲੋਕਾਂ ਦੀ ਮੌਤ ਵਾਸਤੇ ਜਾਂਚ ਏਜੰਸੀ ਸੀ ਬੀ ਆਈ ਵੱਲੋਂ ਲਾਈ ਗਈ ਜੁਰਮ ਦੀ ਧਾਰਾ 304 (2) ਨੂੰ ਤੋੜ ਕੇ ਧਾਰਾ 304 (1) ਕਰ ਦਿੱਤੀ ਸੀ। ਪਹਿਲਾਂ ਲੱਗੀ ਧਾਰਾ ਨਾਲ ਇਸ ਕੇਸ ਦੇ ਦੋਸ਼ੀਆਂ ਨੂੰ ਦਸ ਸਾਲ ਤੱਕ ਕੈਦ ਹੋ ਸਕਦੀ ਸੀ, ਜਦ ਕਿ ਨਵੀਂ ਲਾਈ ਧਾਰਾ ਵਿੱਚ ਵੱਧ ਤੋਂ ਵੱਧ ਦੋ ਸਾਲ ਸਜ਼ਾ ਹੋ ਸਕਦੀ ਸੀ ਅਤੇ ਏਨੀ ਹੀ ਬਾਅਦ ਵਿੱਚ ਹੋਈ ਸੀ। ਜਸਟਿਸ ਅਹਿਮਦੀ ਨੇ ਇਹ ਧਾਰਾ ਬਦਲ ਕੇ ਗੈਸ ਕਾਂਡ ਦੀ ਦੋਸ਼ੀ ਜਿਸ ਯੂਨੀਅਨ ਕਾਰਬਾਈਡ ਕੰਪਨੀ ਲਈ ਤਰਫਦਾਰੀ ਕੀਤੀ, ਉਸ ਕੰਪਨੀ ਵੱਲੋਂ ਭੋਪਾਲ ਮੈਮੋਰੀਅਲ ਟਰੱਸਟ ਤੇ ਇਸ ਦੇ ਸਾਢੇ ਤਿੰਨ ਸੌ ਬਿਸਤਰਿਆਂ ਵਾਲੇ ਹਸਪਤਾਲ ਦਾ ਸਾਰੀ ਉਮਰ ਲਈ ਮੋਟੀ ਤਨਖਾਹ ਉੱਤੇ ਮੁਖੀ ਬਣਾ ਦਿੱਤਾ ਗਿਆ ਸੀ। ਇਸ ਕੰਪਨੀ ਨੇ ਆਪਣੇ ਅਦਾਰੇ ਦੇ ਨਿਯਮਾਂ ਵਿੱਚ ਲਿਖਿਆ ਸੀ ਕਿ ਇਸ ਟਰੱਸਟ ਦਾ ਚੇਅਰਮੈਨ ਸੁਪਰੀਮ ਦਾ ਕੋਰਟ ਦਾ ਸਾਬਕਾ ਜੱਜ ਬਣਾਇਆ ਜਾਵੇਗਾ ਤੇ ਇਹ ਗੱਲ ਓਦੋਂ ਲਿਖੀ ਸੀ, ਜਦੋਂ ਜਸਟਿਸ ਅਹਿਮਦੀ ਰਿਟਾਇਣ ਹੋਣ ਵਾਲਾ ਸੀ ਤੇ ਰਿਟਾਇਰ ਹੁੰਦੇ ਸਾਰ ਅਹਿਮਦੀ ਨੂੰ ਅਰਬਾਂ-ਖਰਬਾਂ ਦੀ ਮਾਲਕੀ ਵਾਲੇ ਟਰੱਸਟ ਦੀ ਚੇਅਰਮੈਨੀ ਦੇ ਨਾਲ ਬਾਕੀ ਉਮਰ ਲਈ ਮੋਟੀ ਤਨਖਾਹ ਤੇ ਭੱਤਿਆਂ ਦਾ ਗੱਫਾ ਮਿਲ ਗਿਆ ਸੀ। ਜਦੋਂ ਭੋਪਾਲ ਗੈਸ ਕਾਂਡ ਦੇ ਦੋਸ਼ੀਆਂ ਨੂੰ ਦੋ ਸਾਲ ਦੀ ਮਾਮੂਲੀ ਸਜ਼ਾ ਦੇਣ ਦਾ ਐਲਾਨ ਹੋਇਆ ਤਾਂ ਸਾਰੇ ਦੇਸ਼ ਵਿੱਚ ਇਸ ਨਾਲ ਭੁਚਾਲ ਆ ਗਿਆ ਅਤੇ ਜਸਟਿਸ ਅਹਿਮਦੀ ਦੀ ਹਰ ਥਾਂ ਏਨੀ ਭੰਡੀ ਹੋਣ ਲੱਗ ਪਈ ਕਿ ਜਨਤਕ ਦਬਾਅ ਹੇਠ ਉਹ ਚੇਅਰਮੈਨੀ ਦਾ ਅਹੁਦਾ ਛੱਡਣ ਨੂੰ ਮਜਬੂਰ ਹੋ ਗਿਆ ਸੀ। ਇਹ ਨਿਆਂ ਪਾਲਿਕਾ ਦੇ ਅਕਸ ਨੂੰ ਪ੍ਰਭਾਵਤ ਕਰਨ ਵਾਲਾ ਇੱਕ ਮਾਮਲਾ ਤਾਂ ਸੀ, ਪਰ ਇਹ ਇੱਕੋ-ਇੱਕ ਨਹੀਂ ਸੀ।
ਅਸੀਂ ਭਾਰਤ ਦੀ ਨਿਆਂ ਪਾਲਿਕਾ ਨੂੰ ਬਹੁਤ ਸਾਰੇ ਕੇਸਾਂ ਦੇ ਫੈਸਲੇ ਦੇਣ ਸਮੇਂ ਇਨਸਾਫ ਦਾ ਝੰਡਾ ਬੁਲੰਦ ਕਰਦੇ ਵੇਖਿਆ ਹੋਇਆ ਹੈ ਤੇ ਓਦੋਂ ਭਾਰਤ ਵਿੱਚ ਹੀ ਨਹੀਂ, ਦੁਨੀਆ ਭਰ ਵਿੱਚ ਵੀ ਇਸ ਦੀ ਸ਼ਲਾਘਾ ਹੋਈ ਸੀ, ਪਰ ਇਸ ਦਾ ਮਤਲਬ ਇਹ ਨਹੀਂ ਕਿ ਭਾਰਤੀ ਨਿਆਂ ਪਾਲਿਕਾ ਦਾ ਹਰ ਫੈਸਲਾ ਵਿਵਾਦਾਂ ਤੋਂ ਪਰੇ ਹੈ। ਜਸਟਿਸ ਗੋਗੋਈ ਦੇ ਵਕਤ ਉਨ੍ਹਾਂ ਦਾ ਦੋਹਰਾ ਵਿਹਾਰ ਲੋਕਾਂ ਵਿੱਚ ਚਰਚਾ ਦਾ ਮੁੱਦਾ ਬਣਿਆ ਸੀ ਅਤੇ ਜਦੋਂ ਰਿਟਾਇਰ ਹੋਣ ਦੇ ਛੇਤੀ ਬਾਅਦ ਉਨ੍ਹਾਂ ਨੂੰ ਰਾਜ ਸਭਾ ਦੀ ਮੈਂਬਰੀ ਦਿੱਤੀ ਗਈ, ਅਤੇ ਜਿਵੇਂ ਦਿੱਤੀ ਗਈ, ਵਿਵਾਦ ਉਸ ਤੋਂ ਵੀ ਛਿੜਿਆ ਸੀ ਅਤੇ ਫਿਰ ਕਈ ਕਿਸਮ ਦੇ ਦੋਸ਼ ਲੱਗਦੇ ਰਹੇ ਸਨ। ਇਹ ਉਹੋ ਜਸਟਿਸ ਰੰਜਨ ਗੋਗਈ ਸਨ, ਜਿਨ੍ਹਾਂ ਦੇ ਕੁਝ ਸਮਾਂ ਪਹਿਲਾਂ ਦੇ ਫੈਸਲੇ ਇਸ ਕਰ ਕੇ ਚਰਚਾ ਵਿੱਚ ਸਨ ਕਿ ਜਦੋਂ ਉਨ੍ਹਾਂ ਦੀ ਅਦਾਲਤ ਵਿੱਚ ਕੇਸ ਲੱਗਦਾ ਸੀ ਤਾਂ ਸਰਕਾਰਾਂ ਦੇ ਵਕੀਲਾਂ ਨੂੰ ਪਸੀਨੇ ਆਉਣ ਲੱਗ ਜਾਇਆ ਕਰਦੇ ਸਨ। ਅਚਾਨਕ ਬੰਦਾ ਕਿੰਨਾ ਬਦਲ ਜਾਂਦਾ ਹੈ, ਇਸ ਦਾ ਤਜਰਬਾ ਭਾਰਤ ਦੀ ਨਿਆਂ ਪਾਲਿਕਾ ਵਿੱਚ ਕਈ ਵਾਰੀ ਅੱਗੇ ਵੀ ਹੋ ਚੁੱਕਾ ਹੈ, ਭਵਿੱਖ ਵਿੱਚ ਵੀ ਹੋ ਸਕਦਾ ਹੈ, ਪਰ ਕਿਸੇ ਇੱਕ ਕੇਸ ਦਾ ਮੁੱਦਾ ਲੈ ਕੇ ਅਸੀਂ ਬਹੁਤਾ ਕੁਝ ਨਹੀਂ ਕਹਿਣਾ ਚਾਹੁੰਦੇ। ਇਸ ਬਾਰੇ ਖੁਦ ਨਿਆਂ ਪਾਲਕਾ ਨਾਲ ਜੁੜੇ ਹੋਏ ਲੋਕਾਂ ਨੂੰ ਸੋਚਣਾ ਪਵੇਗਾ। ਕਿਸੇ ਦੇਸ਼ ਵਿੱਚ ਜਦੋਂ ਹੋਰ ਕਿਤੋਂ ਵੀ ਆਸ ਨਾ ਰਹੇ ਤਾਂ ਨਾਗਰਿਕਾਂ ਲਈ ਆਸ ਦਾ ਆਖਰੀ ਦਰਵਾਜ਼ਾ ਅਦਾਲਤ ਹੁੰਦੀ ਹੈ ਤੇ ਇਸ ਦੇ ਅਕਸ ਨੂੰ ਖੋਰਾ ਨਹੀਂ ਲੱਗਣਾ ਚਾਹੀਦਾ, ਪਰ ਇਹ ਇੱਕ ਇੱਛਾ ਹੀ ਹੁੰਦੀ ਹੈ, ਹਕੀਕਤਾਂ ਇੱਛਾ ਦੀਆਂ ਮੁਥਾਜ ਨਹੀਂ ਹੁੰਦੀਆਂ।

Continue Reading

ਲੇਖ

ਜਿਸ ਸਿਸਟਮ ਵਿੱਚ ਲੋਕਾਂ ਦਾ ਘਾਤ ਹੋ ਰਿਹੈ, ਕੀ ਉਸ ਦਾ ਕੋਈ ਬਦਲ ਵੀ ਸੋਚਿਆ ਜਾ ਸਕਦੈ !-ਜਤਿੰਦਰ ਪਨੂੰ

Published

on

pannu article

ਇਨਸਾਨ ਜੰਗਲਾਂ ਦੀ ਜਿ਼ੰਦਗੀ ਤੋਂ ਨਗਰਾਂ ਤੱਕ ਪੁੱਜਾ ਤਾਂ ਅਜੇ ਉਸ ਨੂੰ ਨਾਗਰਿਕ ਹੋਣ ਦੀ ਸੋਝੀ ਨਹੀਂ ਸੀ ਆਈ, ਜਦੋਂ ਪਹਿਲਾਂ ਗੁਲਾਮਾਂ ਅਤੇ ਉਨ੍ਹਾਂ ਦੇ ਮਾਲਕਾਂ ਵਾਲਾ ਤੇ ਫਿਰ ਰਾਜਿਆਂ-ਜਗੀਰਦਾਰਾਂ ਦਾ ਸਿਸਟਮ ਉਸ ਦੇ ਸਿਰ ਪੈ ਗਿਆ ਸੀ। ਓਦੋਂ ਜਗੀਰਦਾਰੀ ਵਾਲਾ ਪ੍ਰਬੰਧ ਵੀ ਬੜਾ ਚੰਗਾ ਜਾਪਦਾ ਹੋਵੇਗਾ, ਪਰ ਪਿੱਛੋਂ ਸਮਝ ਪਈ ਕਿ ਇਹ ਵੀ ਇਨਸਾਨਾਂ ਨੂੰ ਗੁਲਾਮ ਬਣਾ ਕੇ ਰੱਖਣ ਦਾ ਪ੍ਰਬੰਧ ਹੀ ਹੈ। ਸਨਅਤੀ ਇਨਕਲਾਬ ਨਾਲ ਜਦੋਂ ਕਾਰਖਾਨੇ ਲੱਗਣ ਦੇ ਦਿਨ ਆਏ ਤੇ ਲੋਕਾਂ ਨੂੰ ਤਨਖਾਹ ਜਾਂ ਦਿਹਾੜੀ ਪਹਿਲਾਂ ਦੱਸ ਕੇ ਕੰਮ ਉੱਤੇ ਰੱਖਿਆ ਜਾਣ ਲੱਗਾ, ਉਸ ਵਿੱਚੋਂ ਲੋਕ-ਰਾਜ ਦੀ ਧਾਰਨਾ ਵਾਲੇ ਅਜੋਕੇ ਪ੍ਰਬੰਧ ਦੀ ਕਲਮ ਫੁੱਟ ਪਈ ਤੇ ਫਿਰ ਇੱਕ-ਇੱਕ ਕਰ ਕੇ ਸਮੁੱਚੀ ਦੁਨੀਆ ਦੇ ਦੇਸ਼ਾਂ ਵਿੱਚ ਲੋਕਤੰਤਰ ਦਾ ਅਜੋਕਾ ਪ੍ਰਬੰਧ ਉੱਨੀ-ਇੱਕੀ ਦੇ ਫਰਕ ਨਾਲ ਲਾਗੂ ਕੀਤਾ ਜਾਣ ਲੱਗ ਪਿਆ ਸੀ। ਬਹੁਤ ਵਧੀਆ ਕਿਹਾ ਜਾ ਰਿਹਾ ਇਹ ਸਿਸਟਮ ਅਜੋਕੇ ਪੜਾਅ ਉੱਤੇ ਆ ਕੇ ਏਦਾਂ ਦਾ ਹੋ ਗਿਆ ਹੈ ਕਿ ਆਮ ਲੋਕਾਂ ਦੇ ਭਲੇ ਲਈ ਕਿਹਾ ਜਾਂਦਾ ਸੀ, ਪਰ ਇਹ ਆਮ ਲੋਕਾਂ ਵਿੱਚ ਹੀ ਹਾਹਾਕਾਰ ਮਚਾਉਣ ਵਾਲਾ ਬਣਦਾ ਜਾਂਦਾ ਹੈ। ਜਿਸ ਲੀਡਰ ਨੂੰ ਕਮਾਨ ਮਿਲ ਜਾਂਦੀ ਹੈ, ਉਹ ਖੁਦ ਨੂੰ ਖੁਦਾਈ ਫੌਜਦਾਰ ਅਤੇ ਬਾਕੀ ਸਾਰੇ ਲੋਕਾਂ ਨੂੰ ਕੀੜੇ-ਮਕੌੜੇ ਸਮਝ ਕੇ ਮਨ-ਆਈਆਂ ਕਰਨ ਲਈ ਬੇਲਗਾਮ ਹੋ ਜਾਂਦਾ ਹੈ।
ਦੁਨੀਆ ਦੇ ਲੋਕਾਂ ਨੂੰ, ਜਿਨ੍ਹਾਂ ਵਿੱਚ ਭਾਰਤ ਵੀ ਹੈ, ਇਹ ਸਮਝਾਇਆ ਜਾਂਦਾ ਸੀ ਕਿ ਅਮਰੀਕਾ ਇਸ ਸੰਸਾਰ ਵਿੱਚ ਲੋਕਤੰਤਰ ਦਾ ਬਹੁਤ ਵੱਡਾ ਝੰਡਾ-ਬਰਦਾਰ ਹੈ। ਇਸ ਝੰਡਾ-ਬਰਦਾਰੀ ਦਾ ਜਲੂਸ ਉਸ ਦੇ ਲੋਕਾਂ ਦੀ ਭੁੱਲ ਨਾਲ ਚੁਣੇ ਗਏ ਇੱਕ ਬੇ-ਸਿਰੇ ਤੇ ਬੇ-ਸੁਰੇ ਲੀਡਰ ਡੋਨਾਲਡ ਟਰੰਪ ਨੇ ਇਸ ਹਫਤੇ ਕੱਢ ਦਿੱਤਾ ਹੈ। ਬਦ-ਦਿਮਾਗ ਬੰਦੇ ਹੱਥ ਕਮਾਨ ਆ ਜਾਣ ਨਾਲ ਜਿਹੋ ਜਿਹਾ ਉਸ਼ਟੰਡ ਕੋਈ ਵਿਗੜਿਆ ਆਗੂ ਕਰ ਸਕਦਾ ਹੈ, ਉਸ ਦਾ ਰਾਹ ਰੋਕ ਸਕਣਾ ਲੋਕਤੰਤਰ ਦੇ ਵੱਸ ਦਾ ਨਹੀਂ ਰਿਹਾ। ਕੁਰਸੀ ਕਾਇਮ ਰੱਖਣ ਖਾਤਰ ਉਸ ਦੀ ਉਕਸਾਹਟ ਉੱਤੇ ਲੋਕਤੰਤਰ ਦੇ ਸਿਖਰਲੇ ਮੰਦਰ, ਪਾਰਲੀਮੈਂਟ, ਉੱਤੇ ਲੋਕਾਂ ਦੀ ਭੀੜ ਨੇ ਹਮਲਾ ਕਰ ਦਿੱਤਾ ਤੇ ਲੋਕਤੰਤਰ ਡੌਰ-ਭੌਰਾ ਹੋਇਆ ਵੇਖਦਾ ਰਹਿ ਗਿਆ। ਕੁਝ ਲੋਕਾਂ ਨੂੰ ਲੱਗੇਗਾ ਕਿ ਅਮਰੀਕਾ ਵਿੱਚ ਸਾਰੀ ਕਮਾਨ ਰਾਸ਼ਟਰਪਤੀ ਦੇ ਹੱਥ ਹੋਣ ਕਾਰਨ ਇਹ ਕੁਝ ਵਾਪਰਿਆ ਹੈ, ਉਨ੍ਹਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਭੀੜਾਂ ਭੜਕਾਉਣ ਦਾ ਮਾਹਰ ਲੀਡਰ ਕਿਤੇ ਵੀ ਕੁਝ ਵੀ ਕਰਵਾਉਣ ਤੱਕ ਜਾ ਸਕਦਾ ਹੈ।
ਮੈਂ ਇਸ ਧਾਰਨਾ ਨਾਲ ਕਦੇ ਵੀ ਸਹਿਮਤ ਨਹੀਂ ਹੋਇਆ ਕਿ ਲੋਕਤੰਤਰ ਵਿੱਚ ‘ਇੱਕਵੰਜਾ ਗਧੇ ਮਿਲ ਕੇ ਉਨੰਜਾ ਘੋੜਿਆਂ ਉੱਤੇ ਰਾਜ ਕਰਨ ਦਾ ਹੱਕ ਜਿੱਤ ਲੈਂਦੇ ਹਨ’, ਪਰ ਪਿਛਲੇ ਸਮੇਂ ਦਾ ਤਜਰਬਾ ਇਹੋ ਹੈ ਕਿ ਲੋਕਤੰਤਰ ਦੇ ਅਜੋਕੇ ਪ੍ਰਬੰਧ ਹੇਠ ਮਾੜੀ ਨੀਤ ਵਾਲੇ ਬੰਦੇ ਆਪੋ ਵਿੱਚ ਅੱਖ ਮਿਲਾ ਲੈਣ ਤਾਂ ਬਾਕੀ ਸਭ ਦੀ ਭੁਆਂਟਣੀ ਭੰਵਾ ਸਕਦੇ ਹਨ। ਭਾਰਤ ਦੇ ਕਈ ਰਾਜਾਂ ਵਿੱਚ ਅਸੀਂ ਚੁਣੇ ਹੋਏ ਆਗੂਆਂ ਨੂੰ ਨੰਗੀ-ਚਿੱਟੀ ਖਰੀਦੋ-ਫਰੋਖਤ ਕਰਦੇ ਅਤੇ ਏਦਾਂ ਦੀ ਸੌਦੇਬਾਜ਼ੀ ਨਾਲ ਬਦਨਾਮ ਭ੍ਰਿਸ਼ਟਾਚਾਰੀ ਬੰਦਿਆਂ ਨੂੰ ਰਾਜਾਂ ਦੇ ਮੁੱਖ ਮੰਤਰੀ ਬਣਦੇ ਵੇਖ ਚੁੱਕੇ ਹਾਂ। ਕਰਨਾਟਕ ਵਿੱਚ ਮੁੱਖ ਮੰਤਰੀ ਬਣਨ ਦੇ ਬਾਅਦ ਲੋਕਪਾਲ ਵੱਲੋਂ ਭ੍ਰਿਸ਼ਟਾਚਾਰ ਦਾ ਦੋਸ਼ੀ ਠਹਿਰਾਇਆ ਗਿਆ ਯੇਦੀਯੁਰੱਪਾ ਫਿਰ ਉੱਪਰਲੀ ਅਦਾਲਤ ਤੋਂ ਬਰੀ ਹੋਣ ਮਗਰੋਂ ਓਸੇ ਰਾਜ ਦਾ ਮੁੱਖ ਮੰਤਰੀ ਬਣ ਗਿਆ ਹੈ ਅਤੇ ਬਣਨ ਲਈ ਵਿਧਾਇਕਾਂ ਨੂੰ ਜਿਸ ਤਰ੍ਹਾਂ ਖਰੀਦਿਆ, ਉਹ ਵੀ ਹਰ ਕਿਸੇ ਨੂੰ ਪਤਾ ਹੈ। ਮੱਧ ਪ੍ਰਦੇਸ਼ ਵਿੱਚ ਵਿਆਪਮ ਘੋਟਾਲੇ ਵਿੱਚ ਸਿਖਰਾਂ ਦੇ ਬਦਨਾਮੀ ਖੱਟਣ ਪਿੱਛੋਂ ਸਿ਼ਵਰਾਜ ਚੌਹਾਨ ਜਦੋਂ ਚੋਣਾਂ ਵਿੱਚ ਹਾਰ ਗਿਆ ਤਾਂ ਦਲ-ਬਦਲੀਆਂ ਕਰਵਾ ਕੇ ਫਿਰ ਮੁੱਖ ਮੰਤਰੀ ਬਣ ਗਿਆ ਹੈ। ਲਾਲੂ ਪ੍ਰਸਾਦ ਕਈ ਸਾਲ ਏਸੇ ਤਰ੍ਹਾਂ ਮੁੱਖ ਮੰਤਰੀ ਬਣਦਾ ਰਿਹਾ ਤੇ ਉਸ ਦੀ ਪਤਨੀ ਵੀ ਬਣੀ ਰਹੀ ਸੀ। ਇਹ ਖੇਡ ਹਰਿਆਣੇ ਵਿੱਚ ਚੌਧਰੀ ਭਜਨ ਲਾਲ ਤੋਂ ਸ਼ੁਰੂ ਹੋਈ ਸੀ ਤੇ ਫਿਰ ਤਾਮਿਲ ਨਾਡੂ ਵਿੱਚ ਜੈਲਲਿਤਾ ਤੇ ਕਰੁਣਾਨਿਧੀ ਦੋਵਾਂ ਵਿੱਚ ਭ੍ਰਿਸ਼ਟਾਚਾਰ ਕਰਨ ਦਾ ਮੁਕਾਬਲਾ ਚੱਲਦਾ ਰਿਹਾ ਸੀ। ਭਾਰਤ ਦੇ ਕਿਸੇ ਵੀ ਰਾਜ ਦਾ ਕਿਹੜਾ ਨੇਤਾ ਇਸ ਤੋਂ ਬਚਿਆ ਹੈ, ਕਹਿ ਸਕਣਾ ਔਖਾ ਹੈ।
ਇਨ੍ਹਾਂ ਸਭਨਾਂ ਤੋਂ ਮਾੜੀ ਗੱਲ ਇਹ ਹੈ ਕਿ ਜੇ ਕੋਈ ਲੀਡਰ ਕਿਸੇ ਵੱਡੇ ਲੁਟੇਰੇ ਨਾਲ ਸੈਨਤ ਮਿਲਾ ਕੇ ਸਾਰੇ ਦੇਸ਼ ਦੇ ਲੋਕਾਂ ਨੂੰ ਉਸ ਲੁਟੇਰੇ ਦੀ ਦੌਲਤ ਕਮਾਉਣ ਦੀ ਹਵਸ ਦੀ ਬਲੀ ਚਾੜ੍ਹਨ ਤੁਰ ਪਵੇ ਤਾਂ ਲੋਕਤੰਤਰ ਉਸ ਆਗੂ ਨੂੰ ਇਸ ਕੰਮ ਤੋਂ ਵਰਜਣ ਜੋਗਾ ਨਹੀਂ ਲੱਭਦਾ। ਲੀਡਰ ਕੋਲ ਬਹੁ-ਗਿਣਤੀ ਹੋਣੀ ਚਾਹੀਦੀ ਹੈ, ਇਸ ਨਾਲ ਫਰਕ ਨਹੀਂ ਪੈਂਦਾ ਕਿ ਬਹੁ-ਗਿਣਤੀ ਲੋਕਾਂ ਨੂੰ ਬੇਵਕੂਫ ਬਣਾ ਕੇ ਜਿੱਤੀ ਹੈ ਜਾਂ ਪੈਸਾ ਖਰਚ ਕਰ ਕੇ ਬਣਾਈ ਹੈ, ਲੋਕਤੰਤਰ ਦਾ ਚੁਣਿਆ ਗਿਆ ਹਾਕਮ ਵੀ ਆਪਣੀ ਆਈ ਉੱਤੇ ਆ ਜਾਵੇ ਤਾਂ ਸਿਰੇ ਦੇ ਬੇਰਹਿਮ ਰਾਜਿਆਂ ਨੂੰ ਮਾਤ ਪਾ ਸਕਦਾ ਹੈ। ਅੱਜ ਦੇ ਵਕਤਾਂ ਵਿੱਚ ਭਾਰਤ ਵਿੱਚ ਕਿਸਾਨੀ ਲਹਿਰ ਦਾ ਜਿਹੜਾ ਸੰਘਰਸ਼ ਚੱਲ ਰਿਹਾ ਹੈ, ਉਹ ਬੇਰਹਿਮ ਹਾਕਮਾਂ ਦੀ ਏਸੇ ਨੀਤੀ ਦਾ ਨਮੂਨਾ ਹੈ, ਜਿਸ ਵਿੱਚ ਦੋ ਵੱਡੇ ਘਰਾਣਿਆਂ ਦੀ ਖਿਦਮਤ ਕਰਨ ਲਈ ਲੱਖਾਂ ਕਿਸਾਨਾਂ ਦੀ ਹੋਣੀ ਨਾਲ ਖਿਲਵਾੜ ਕੀਤਾ ਗਿਆ ਹੈ। ਭਾਰਤ ਦਾ ਕਿਸਾਨ ਇਸ ਵੇਲੇ ਜਿਹੜੀ ਲੜਾਈ ਲੜਦਾ ਪਿਆ ਹੈ, ਉਹ ਉਸ ਦੇ ਅੱਜ ਦੀ ਨਹੀਂ, ਉਸ ਦੀ ਅਗਲੀ ਪੀੜ੍ਹੀ ਦੀ ਹੋਂਦ ਨੂੰ ਬਚਾਉਣ ਦੀ ਹੈ ਅਤੇ ਇਸ ਵਿੱਚ ਮੱਥਾ ਉਸ ਹਾਕਮ ਨਾਲ ਲੱਗਾ ਹੈ, ਜਿਹੜਾ ਖੁਦ ਤਾਂ ਲੋਕਾਂ ਮੂਹਰੇ ਸਿਰਫ ਭਾਸ਼ਣ ਝਾੜਨ ਵੇਲੇ ਆਉਂਦਾ ਹੈ, ਅੱਗੋਂ ਪਿੱਛੋਂ ਆਪਣੇ ਏਲਚੀਆਂ ਅਤੇ ਪਿਆਦਿਆਂ ਦੇ ਰਾਹੀਂ ਸ਼ਤਰੰਜੀ ਖੇਡਾਂ ਖੇਡਦਾ ਹੈ। ਲੀਡਰ ਦੇ ਕੋਲ ਬਹੁ-ਗਿਣਤੀ ਪਾਰਲੀਮੈਂਟ ਵਿੱਚ ਵੀ ਹੈ ਤੇ ਦੇਸ਼ ਦੇ ਲੋਕਾਂ ਵਿਚਲੀ ਧਾਰਮਿਕ ਬਹੁ-ਗਿਣਤੀ ਨੂੰ ਪਿੱਛੇ ਲਾਉਣ ਵਾਲੇ ਦਾਅ ਜਾਣਦਾ ਹੈ, ਇਸ ਲਈ ਲੋਕਤੰਤਰ ਦੀ ਇਸ ਕਮਜ਼ੋਰੀ ਦਾ ਫਾਇਦਾ ਲੈਣ ਤੋਂ ਉਸ ਨੂੰ ਰੋਕਣਾ ਮੁਸ਼ਕਲ ਹੈ। ਉਹ ਸਿਰਫ ਝੂਠ ਵੀ ਬੋਲੀ ਜਾਵੇ, ਅਸਲੋਂ ਫੋਕੇ ਦਾਅਵੇ ਕਰਦਾ ਰਹੇ, ਤਦ ਵੀ ਇੱਕ ਖਾਸ ਭਾਈਚਾਰੇ ਦੀ ਧਾਰਮਿਕਤਾ ਦਾ ਸਹਾਰਾ ਲੈ ਕੇ ਰਾਜ ਕਰੀ ਜਾਵੇਗਾ ਅਤੇ ਲੋਕਤੰਤਰ ਨੂੰ ਦੋ-ਚਾਰ ਵੱਡੇ ਘਰਾਣਿਆਂ ਦੀ ਖਿਦਮਤ ਕਰਨ ਵਿੱਚ ਲਾਈ ਰੱਖੇਗਾ।
ਜਿਨ੍ਹਾਂ ਲੋਕਾਂ ਨੇ ਲੋਕਤੰਤਰ ਦੀ ਨੀਂਹ ਰੱਖੀ ਸੀ, ਜਿਨ੍ਹਾਂ ਨੇ ਇਸ ਦੇ ਸਰਬ ਉੱਚ ਪ੍ਰਬੰਧ ਹੋਣ ਦਾ ਝੰਡਾ ਚੁੱਕਿਆ ਤੇ ਆਮ ਲੋਕਾਂ ਨੂੰ ਇਸ ਲੀਹੇ ਪਾਇਆ ਸੀ, ਉਨ੍ਹਾਂ ਨੂੰ ਕਦੇ ਸੁਫਨਾ ਵੀ ਨਹੀਂ ਆਇਆ ਹੋਣਾ ਕਿ ਇਸ ਪ੍ਰਬੰਧ ਦੀ ਦੁਰਵਰਤੋਂ ਹੋਣ ਲੱਗੀ ਤਾਂ ਓਦੋਂ ਲੋਕਤੰਤਰ ਵਿੱਚ ਆਮ ਲੋਕਾਂ ਨਾਲ ਕੀ ਹੋਵੇਗਾ? ਅੱਜ ਇਹੋ ਹੋ ਰਿਹਾ ਹੈ। ਲੋਕਤੰਤਰ ਨੂੰ ‘ਲੋਕਾਂ ਵੱਲੋਂ, ਲੋਕਾਂ ਲਈ, ਲੋਕਾਂ ਵਾਸਤੇ’ ਚਲਾਇਆ ਜਾਂਦਾ ਰਾਜ ਕਿਹਾ ਜਾਂਦਾ ਹੈ, ਪਰ ਇਹ ਕਿਤਾਬਾਂ ਵਿਚਲੀ ਸੋਚਣੀ ਹੈ, ਜਿਸ ਦੀ ਝਲਕ ਆਮ ਜਿ਼ੰਦਗੀ ਵਿੱਚ ਨਹੀਂ ਮਿਲਦੀ। ਕਿਸੇ ਹੋਰ ਦੇਸ਼ ਵਿੱਚ ਮਿਲਦੀ ਹੋਵੇ ਤਾਂ ਪਤਾ ਨਹੀਂ, ਪਰ ਭਾਰਤ ਦੇ ਲੋਕਾਂ ਨੂੰ ਜਿੱਦਾਂ ਦਾ ਲੋਕਤੰਤਰ ਮਿਲਿਆ ਹੈ ਤੇ ਜਿਸ ਦਾ ਦਬਾਅ ਅਦਾਲਤੀ ਫੈਸਲਿਆਂ ਉੱਤੇ ਵੀ ਸਾਫ ਵੇਖਿਆ ਜਾ ਰਿਹਾ ਹੈ, ਉਸ ਦੇਸ਼ ਦੇ ਰਾਜ ਪ੍ਰਬੰਧ ਨੂੰ ਸਿਰਫ ਕਹਿਣ ਲਈ ਲੋਕਤੰਤਰੀ ਕਿਹਾ ਜਾ ਸਕਦਾ ਹੈ, ਅਮਲ ਵਿੱਚ ਇਸ ਨੂੰ ਲੋਕਤੰਤਰ ਆਖਣਾ ਕਿਸੇ ਹਕੀਕੀ ਲੋਕਤੰਤਰ ਦੀ ਹਸਤੀ ਚਿੜਾਉਣ ਵਾਂਗ ਜਾਪਣ ਲੱਗ ਪਿਆ ਹੈ। ਹਾਲਾਤ ਦਾ ਦੁਖਾਂਤ ਹੈ ਕਿ ਸਿਆਣੇ ਸਮਝੇ ਜਾਂਦੇ ਸਿਰ ਮੁੜ-ਮੁੜ ਲੋਕਤੰਤਰ ਅਤੇ ‘ਨਿਆਂ ਪ੍ਰਣਾਲੀ ਉੱਤੇ ਪੂਰਾ ਭਰੋਸਾ’ ਕਹਿਣ ਤੋਂ ਅੱਗੇ ਨਹੀਂ ਵਧਦੇ, ਉਨ੍ਹਾਂ ਵਿੱਚੋਂ ਕਦੇ ਕੋਈ ਇਹ ਸੋਚਦਾ ਹੀ ਨਹੀਂ ਕਿ ਇਹੋ ਜਿਹੇ ਸਿਸਟਮ ਦਾ ਕੋਈ ਹੋਰ ਬਦਲ ਵੀ ਹੋਣਾ ਚਾਹੀਦਾ ਹੈ।

Read More Latest Punjabi Article

Continue Reading

ਰੁਝਾਨ


Copyright by IK Soch News powered by InstantWebsites.ca